Babushahi Special: ਜੰਗ ਦੇ ਮਹੌਲ ਦੌਰਾਨ ਬੇਵਿਸਾਹੀ ਮਤੇ ਪਿੱਛੋਂ ਕਾਂਗਰਸੀ ਕੌਂਸਲਰਾਂ ਖਿਲਾਫ ਛਿੜਿਆ ਸਿਆਸੀ ਯੁੱਧ
ਅਸ਼ੋਕ ਵਰਮਾ
ਬਠਿੰਡਾ,10ਮਈ2025: ਭਾਰਤ ਪਾਕਿਸਤਾਨ ਦਰਮਿਆਨ ਬਣੇ ਜੰਗ ਦੇ ਮਹੌਲ ਦੌਰਾਨ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਹਟਾਉਣ ਲਈ ਬੇਵਿਸਾਹੀ ਮਤਾ ਪਾਸ ਹੋਣ ਮਗਰੋਂ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਨੇ ਮਤੇ ਦੇ ਹੱਕ ਵਿੱਚ ਤੇ ਪਾਰਟੀ ਖਿਲਾਫ ਵੋਟਾਂ ਪਾਉਣ ਵਾਲੇ 10 ਕਾਂਗਰਸੀ ਕੌਂਸਲਰਾਂ ਅਤੇ ਇੱਕ ਸੀਨੀਅਰ ਕਾਂਗਰਸੀ ਆਗੂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇੱਕ ਤਰਾਂ ਨਾਲ ਸਿਆਸੀ ਜੰਗ ਵਿੱਢ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈਕੇ ਨੋਟਿਸ ਜਾਰੀ ਹੋਣ ਉਪਰੰਤ ਕਾਂਗਰਸੀ ਆਗੂ ਪੂਰੀ ਤਰਾਂ ਚੁੱਪ ਹਨ ਪਰ ਜਿਸ ਤਰਾਂ ਦੀ ਸਥਿਤੀ ਬਣ ਰਹੀ ਹੈ ਉਸ ਨੂੰ ਦੇਖਦਿਆਂ ਨੋਟਿਸ ਦਾ ਕੋਈ ਢੁੱਕਵਾਂ ਜਵਾਬ ਨਾਂ ਦੇਣ ਦੀ ਸੂਰਤ ਵਿੱਚ ਇੰਨ੍ਹਾਂ ਨੂੰ ਪਾਰਟੀ ਚੋਂ ਕੱਢਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇੰਨ੍ਹਾਂ ਆਗੂਆਂ ਨੇ ਕਾਂਗਰਸ ਨੂੰ ਉਸ ਵਕਤ ਚੁਣੌਤੀ ਦਿੱਤੀ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਜਰੂਰਤ ਸੀ।
ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੇਨ ਅਵਤਾਰ ਹੈਨਰੀ ਨੇ ਕਾਂਗਰਸੀ ਕੌਂਸਲਰ ਜਸਵੀਰ ਸਿੰਘ ਜੱਸਾ, ਕੌਂਸਲਰ ਬਲਰਾਜ ਸਿੰਘ ਪੱਕਾ ਅਤੇ ਕਾਂਗਰਸ ਪਾਰਟੀ ਦੇ ਡੈਲੀਗੇਟ ਪਵਨ ਮਾਨੀ ਦੀ ਪਤਨੀ ਕੌਂਸਲਰ ਪ੍ਰਵੀਨ ਗਰਗ ਨੂੰ ਬੇਵਿਸਾਹੀ ਮਤੇ ਮੌਕੇ ਮੀਟਿੰਗ ਦਾ ਬਾਈਕਾਟ ਕਰਨ ਕਾਰਨ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਮੁਤਾਬਕ ਕਾਂਗਰਸੀ ਆਗੂਆਂ ਵੱਲੋਂ ਅਪੀਲ ਕਰਨ ਤੇ ਵੀ ਮੀਟਿੰਗ ਦਾ ਬਾਈਕਾਟ ਕੀਤਾ ਹੈ ਜਿਸ ਨਾਲ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰਾਂ ਹੀ ਪਵਨ ਮਾਨੀ ਨੂੰ ਵੀ ਆਪਣੀ ਪਤਨੀ ਵੱਲੋਂ ਲਏ ਬਾਈਕਾਟ ਦੇ ਫੈਸਲੇ ਕਾਰਨ ਹੀ ਨੋਟਿਸ ਜਾਰੀ ਹੋਇਆ ਹੈ। ਜਿੰਨ੍ਹਾਂ ਮੈਂਬਰਾਂ ਨੂੰ ਪਾਰਟੀ ਦੇ ਉਲਟ ਵੋਟ ਪਾਉਣ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ ਉਨ੍ਹਾਂ ’ਚ ਮਹਿਲਾ ਕੌਂਸਲਰ ਕਮਲੇਸ਼ ਮਹਿਰਾ, ਪੁਸ਼ਪਾ ਰਾਣੀ,ਕਮਲਜੀਤ ਕੌਰ, ਕੁਲਵਿੰਦਰ ਕੌਰ, ਨੇਹਾ, ਰਾਜ ਰਾਣੀ ,ਮਮਤਾ ਸੈਣੀ ਅਤੇ ਕੌਂਸਲਰ ਸ਼ਾਮ ਲਾਲ ਗਰਗ ਸ਼ਾਮਲ ਹਨ । ਇੰਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।
ਨੋਟਿਸ ਅਨੁਸਾਰ ਨਗਰ ਨਿਗਮ ਬਠਿੰਡਾ ਦੇ ਕੌਂਸਲਰਾਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਸ਼ਕਾਇਤ ਪ੍ਰਾਪਤ ਹੋਈ ਹੈ। ਸ਼ਕਾਇਤ ’ਚ ਕਿਹਾ ਹੈ ਕਿ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਖਿਲਾਫ ਬੇਭਰੋਸਗੀ ਮਤਾ ਲਿਆਂਦਾ ਸੀ ਜਿਸ ਵਿੱਚ ਤੁਸੀਂ ਕਾਂਗਰਸ ਪਾਰਟੀ ਦੇ ਹਿੱਤਾਂ ਦੇ ਉਲਟ ਵੋਟ ਪਾਈ ਹੈ। ਨੋਟਿਸ ’ਚ ਇਹ ਵੀ ਕਿਹਾ ਹੈ ਕਿ ਕੁੱਝ ਮਹੀਨੇ ਪਹਿਲਾਂ ਤੁਸੀ ਮੇਅਰ ਦੀ ਚੋਣ ਦੌਰਾਨ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਈ ਸੀ ਜਿਸ ਦੇ ਅਧਾਰ ਤੇ ਤੁਹਾਨੂੰ ਅਨੁਸ਼ਾਸ਼ਨੀ ਕਮੇਟੀ ਨੇ ਨੋਟਿਸ ਜਾਰੀ ਕੀਤਾ ਸੀ ਜਿਸ ਦਾ ਜਵਾਬ ਵੀ ਦਿੱਤਾ ਸੀ। ਹੁਣ ਫਿਰ ਕਾਂਗਰਸ ਨੂੰ ਵੋਟ ਨਾਂ ਪਾਕੇ ਅਨੁਸ਼ਾਸ਼ਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀ ਕੀਤੀ ਹੈ। ਇਸ ਲਈ ਤੁਹਾਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਜਵਾਬ ਨਾਂ ਦੇਣ ਦੀ ਸੂਰਤ ’ਚ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਏਗੀ।
ਨੋਟਿਸ ਸੱਪ ਦੇ ਮੂੰਹ ਕੋਹੜ ਕਿਰਲੀ
ਕਾਂਗਰਸ ਪਾਰਟੀ ਵੱਲੋਂ ਕੌਂਸਲਰਾਂ ਨੂੰ ਬਰਖਾਸਤ ਕਰਨ ਦਾ ਮਾਮਲਾ ਹਾਕਮ ਧਿਰ ਆਮ ਆਦਮੀ ਪਾਰਟੀ ਲਈ ਰਾਹਤ ਭਰਿਆ ਤੇ ਕਾਂਗਰਸ ਨਹੀ ਮੁਸ਼ਕਿਲਾਂ ਵਾਲਾ ਸਾਬਤ ਹੋ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਕੌਂਸਲਰਾਂ ਨੇ ਪਹਿਲਾਂ ਵੀ ਪਾਰਟੀ ਲੀਡਰਸ਼ਿਪ ਨੂੰ ਟਿੱਚ ਜਾਣਿਆ ਹੈ ਤੇ ਹੁਣ ਵੀ ਉਹੋ ਜਿਹਾ ਹਾਲ ਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਥਿਤੀ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਬਣ ਗਈ ਹੈ ਕਿਉਂਕਿ ਕੌਂਸਲਰਾਂ ਨੂੰ ਕੱਢਣ ਜਾਂ ਰੱਖਣ ਦੀ ਸੂਰਤ ’ਚ ਪਾਰਟੀ ਨੂੰ ਕੁੱਝ ਵੀ ਨਹੀਂ ਮਿਲਣ ਵਾਲਾ ਜਦੋਂਕਿ ਕੌਂਸਲਰਾਂ ਦੀਆਂ ਪੰਜੇ ਘਿਓ ਵਿੱਚ ਹਨ ਜਿੰਨ੍ਹਾਂ ਦਾ ਕੰਮ ਪਹਿਲੇ ਬੋਲ ਹੋਣ ਲੱਗਿਆ ਹੈ।
ਪਹਿਲਾਂ ਵੀ ਪਾਰਟੀ ਚੋਂ ਕੱਢੇ ਕੌਂਸਲਰ
ਪੰਜਾਬ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਨੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਆਦਿ ਕਾਂਗਰਸੀ ਆਗੂਆਂ ਦੀ ਸ਼ਕਾਇਤ ਤੇ ਮੇਅਰ ਦੀ ਚੋਣ ਮੌਕੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ’ਚ ਵੋਟ ਪਾਉਣ ਵਾਲੇ ਅੱਧੀ ਦਰਜਨ ਕਾਂਗਰਸੀ ਕੌਂਸਲਰਾਂ ਨੂੰ ਪੰਜ ਸਾਲ ਲਈ ਪਾਰਟੀ ਚੋਂ ਕੱਢ ਦਿੱਤਾ ਸੀ। ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਖਿਲਾਫ ਜਾਣ ਵਾਲੇ 19 ਕਾਂਗਰਸੀ ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿੰਨ੍ਹਾਂ ਚੋਂ ਕੌਂਸਲਰ ਸੋਨੀਆ ਬਾਂਸਲ, ਅਨੀਤਾ ਗੋਇਲ, ਮਮਤਾ , ਕਿਰਨਾ ਰਾਣੀ, ਸੁਰੇਸ਼ ਕੁਮਾਰ ਅਤੇ ਵਿਕਰਮ ਕ੍ਰਾਂਤੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਜਦੋਂਕਿ 13 ਸਬੰਧੀ ਚੁੱਪ ਵੱਟ ਲਈ ਸੀ।
ਸੱਤਾ ਦੀਆਂ ਕੁਰਸੀਆਂ ਤੋਂ ਪੁਆੜਾ
ਦੇਖਿਆ ਜਾਏ ਤਾਂ ਕਾਂਗਰਸ ਪਾਰਟੀ ਨੂੰ ਨਗਰ ਨਿਗਮ ਦੀਆਂ ਕੁਰਸੀਆਂ ਰਾਸ ਹੀ ਨਹੀਂ ਆਈਆਂ ਅਤੇ ਪਾਰਟੀ ’ਚ ਪਾਟੋਧਾੜ ਦਾ ਕਾਰਨ ਬਣੀਆਂ ਹਨ। ਪਹਿਲੀ ਵਾਰ ਕਾਂਗਰਸੀ ਕੌਂਸਲਰਾਂ ’ਚ ਉਦੋਂ ਫੁੱਟ ਸਾਹਮਣੇ ਆਈ ਜਦੋਂ ਮੇਅਰ ਰਮਨ ਗੋਇਲ ਨੂੰ ਹਟਾਉਣ ਮੌਕੇ ਹੋਈ ਮੀਟਿੰਗ ਦੌਰਾਨ ਕਾਂਗਰਸ ਦੇ 43 ਕੌਂਸਲਰਾਂ ਚੋਂ 27 ਕੌਂਸਲਰ ਪੁੱਜੇ ਸਨ। ਇਸ ਨੇ ਸਪਸ਼ਟ ਕਰ ਦਿੱਤਾ ਸੀ ਕਿ ਪਾਰਟੀ ’ਚ ਸਭ ਅੱਛਾ ਨਹੀਂ ਹੈ। ਨਵੇਂ ਮੇਅਰ ਦੀ ਚੋਣ ਮੌਕੇ ਕਾਂਗਰਸੀ ਉਮੀਦਵਾਰ ਨੂੰ ਵਿਧਾਇਕ ਦੀ ਵੋਟ ਸਮੇਤ 15 ਵੋਟਾਂ ਪਈਆਂ ਸਨ ਜਦੋਂਕਿ ਸੀਨੀਅਰ ਡਿਪਟੀ ਮੇਅਰ ਖਿਲਾਫ ਮਤੇ ਮੌਕੇ ਇਹ ਗਿਣਤੀ ਸਿਰਫ 10 ਰਹਿ ਗਈ ਅਤੇ ਇਸ ਤੋਂ ਪਹਿਲਾਂ ਕਾਂਗਰਸ ਦੇ ਡਿਪਟੀ ਮੇਅਰ ਨੇ ਤਾਂ ਬਿਨਾਂ ਲੜਿਆਂ ਹੀ ਮੈਦਾਨ ਛੱਡ ਦਿੱਤਾ ਸੀ।