**ਫਿਰੋਜ਼ਪੁਰ ਦੇ ਪਿੰਡ 'ਚ ਨਸ਼ਟ ਕੀਤਾ ਡਰੋਨ ਡਿੱਗਿਆ, ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ
*ਬਾਬੂਸ਼ਾਹੀ ਬਿਊਰੋ |
ਫਿਰੋਜ਼ਪੁਰ, 9 ਮਈ 2025
** ਫਿਰੋਜ਼ਪੁਰ ਦੇ ਖਾਈ ਪਿੰਡ ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ ਇੱਕ ਡਰੋਨ ਦਾ ਮਲਬਾ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ, ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਨੂੰ ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾ ਕੇ ਨਿਸ਼ਕ੍ਰਿਆ ਕੀਤਾ ਗਿਆ, ਪਰ ਡਰੋਨ ਦਾ ਇੱਕ ਹਿੱਸਾ ਖਾਈ ਪਿੰਡ ਵਿੱਚ ਇੱਕ ਘਰ ਉੱਪਰ ਡਿੱਗ ਗਿਆ। ਇਸ ਘਰ ਵਿੱਚ ਅੱਗ ਲੱਗ ਗਈ, ਜਿਸ ਨਾਲ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਸ.ਐਸ.ਪੀ ਫਿਰੋਜ਼ਪੁਰ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ, ਅਤੇ ਉਹਨਾਂ ਭਰੋਸਾ ਦਿੱਤਾ ਕਿ ਜ਼ਖ਼ਮੀਆਂ ਦੇ ਇਲਾਜ ਲਈ ਪੂਰੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਡਰੋਨ ਸੰਬੰਧੀ ਹੋਰ ਜਾਣਕਾਰੀ ਸਿਰਫ਼ ਫੌਜ ਦੇ ਅਧਿਕਾਰੀ ਹੀ ਦੇ ਸਕਦੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਾਲ ਤਣਾਅ ਦੇ ਮਾਹੌਲ 'ਚ ਪੰਜਾਬ ਦੇ ਕਿਸੇ ਘਰ ਵਿੱਚ ਡਰੋਨ ਹਮਲੇ ਨਾਲ ਸਿੱਧਾ ਜਾਨੀ ਨੁਕਸਾਨ ਹੋਣ ਦਾ ਇਹ ਪਹਿਲਾ ਮਾਮਲਾ ਹੈ। 8 ਮਈ ਦੀ ਰਾਤ ਵੀ ਪਾਕਿਸਤਾਨ ਵੱਲੋਂ ਕਈ ਸ਼ਹਿਰਾਂ 'ਤੇ ਡਰੋਨ ਹਮਲੇ ਹੋਏ ਸਨ, ਪਰ ਉਹਨਾਂ ਦਾ ਮਲਬਾ ਖ਼ਾਲੀ ਖੇਤਾਂ ਜਾਂ ਬੰਜਰ ਥਾਵਾਂ 'ਤੇ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ, ਮੋਨੂੰ ਪੁੱਤਰ ਬਗੀਚਾ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਪਿੰਡ ਖਾਈ ਫੇਮੇ ਕੀ ਥਾਣਾ ਸਦਰ ਫ਼ਿਰੋਜ਼ਪੁਰ ਜ਼ਖ਼ਮੀ ਹੋਏ ਹਨ।