ਪਾਕਿਸਤਾਨ ਨੇ ਤਿੱਬੜੀ ਕੈਂਟ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼, ਰਾਜੂ ਬੇਲਾ ਦੇ ਖੇਤਾਂ ਚ ਡਿੱਗੀ ਮਿਜ਼ਾਈਲ
ਚੌਧਰੀ ਮਨਸੂਰ ਘਨੋਕੇ
ਕਾਦੀਆਂ,10 ਮਈ, 2025: ਪਾਕਿਸਤਾਨ ਨੇ ਅੱਜ ਸਵੇਰੇ 4:55 ਤੇ ਤਿੰਨ ਮਿਜ਼ਾਈਲਾਂ ਦਾਗ਼ੀਆਂ ਹਨ, ਜੋ ਕਿ ਪਿੰਡ ਰਾਜੂ ਬੇਲਾ ਛਿੱਛਰਾ (ਭੈਣੀ ਮੀਆਂ ਖ਼ਾਂ) ਬਲਾਕ ਕਾਹਨੂੰਵਾਨ ਦੇ ਇੱਕ ਕਿਸਾਨ ਅਪਾਰ ਸਿੰਘ ਦੇ ਖੇਤਾਂ ਵਿੱਚ ਜਾ ਕੇ ਡਿੱਗ ਗਈਆਂ। ਪ੍ਰਾਪਤ ਜਾਣਕਾਰੀ ਮੁਤਾਬਿਕ ਇੱਕ ਤੋਂ ਬਾਅਦ ਤਿੰਨ ਧਮਾਕੇ ਸੁਣੇ ਗਏ। ਦੋ ਧਮਾਕੇ ਅਪਾਰ ਸਿੰਘ ਦੇ ਫ਼ਾਰਮ ਹਾਊਸ ਦੇ ਖੇਤਾਂ ਵਿੱਚ ਹੋਏ, ਜਿਸ ਦੇ ਕਾਰਨ ਜ਼ਮੀਨ ਵਿੱਚ ਕਾਫ਼ੀ ਡੂੰਘੇ ਟੋਏ ਪੈ ਗਏ ਹਨ। ਇਸ ਹਮਲੇ ਵਿੱਚ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਖੇਤਾਂ ਦੇ ਨਜ਼ਦੀਕ ਹੀ ਅਪਾਰ ਸਿੰਘ ਦਾ ਘਰ ਸਥਿਤ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਤਿੱਬੜੀ ਕੈਂਟ ਨੂੰ ਨਿਸ਼ਾਨਾ ਬਣਾਉਣ ਲਈ ਇਹ ਹਮਲਾ ਕੀਤਾ ਗਿਆ ਹੈ, ਜੋ ਘਟਨਾ ਸਥਲ ਤੋਂ ਲਗਭਗ 17 ਕਿੱਲੋਮੀਟਰ ਦੂਰ ਸਥਿਤ ਹੈ ।

ਮੌਕੇ ’ਤੇ ਪਹੁੰਚੇ ਨਿਸ਼ਾਨ ਸਿੰਘ ਮਹਿਰੇ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਹਨ, ਨੇ ਦੱਸਿਆ ਕਿ ਰਾਜੂ ਬੇਲਾ ਅਤੇ ਛਿੱਛਰਾ ਪਿੰਡ ਵਿੱਚ ਤਿੰਨ ਧਮਾਕੇ ਹੋਏ ਹਨ। ਪਰ ਇਸ ਹਮਲੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਇਹ ਧਮਾਕੇ ਇਨ੍ਹੇਂ ਜ਼ੋਰਦਾਰ ਸਨ ਕਿ ਕਾਦੀਆਂ ਸਮੇਤ ਲਗਪਗ 25 ਕਿੱਲੋਮੀਟਰ ਤੱਕ ਇਨਾਂ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ ਗਈਆਂ। ਕਾਦੀਆਂ ਵਿਚ ਕਈ ਘਰਾਂ ਦੀ ਖਿੜਕੀਆਂ ਤੇ ਧਮਕ ਦਾ ਅਸਰ ਪਿਆ। ਕਾਦੀਆਂ ਵਿੱਚ ਰਾਤ ਇੱਕ ਵਜੇ ਤੋਂ ਲੈ ਕੇ ਸਵੇਰੇ 5 ਵੱਜੇ ਤੱਕ 7/8 ਧਮਾਕਿਆਂ ਦੀ ਆਵਾਜ਼ਾਂ ਸੁਣੀਆਂ ਗਈਆਂ। ਆਖ਼ਿਰੀ ਧਮਾਕੇ ਦੀ ਆਵਾਜ਼ 7 ਵਜੇ ਵੀ ਸੁਣਾਈ ਦਿੱਤੀ ਗਈ ਹੈ। ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕਾਦੀਆਂ ਚ ਰਾਤ ਨੂੰ ਬਲੈਕ ਆਊਟ ਜਾਰੀ ਹੈ।