ਹੁਣ ਗੁਰਦਾਸਪੁਰ ਦੇ ਪਿੰਡ ਛਿੱਛਰਾ 'ਚ ਲਗਾਤਾਰ 5 ਧਮਾਕੇ, ਘਰਾਂ ਨੂੰ ਪੁੱਜਿਆ ਨੁਕਸਾਨ
ਬੰਬ ਧਮਾਕੇ ਵਾਲੀਆਂ ਘਟਨਾਵਾਂ ਦੇ ਨੇੜੇ ਘਰਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਹੋਏ ਚਕਨਾਚੂਰ
ਰੋਹਿਤ ਗੁਪਤਾ
ਗੁਰਦਾਸਪੁਰ, 10 ਮਈ 2025- ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਜੰਗ ਦਾ ਖਮਿਆਜਾ ਹੁਣ ਦਿਨ ਰਾਤ ਇਲਾਕੇ ਦੇ ਲੋਕ ਭੁਗਤ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਰਾਜੂ ਬੇਲਾ ਛਿੱਛਰਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਖੇਤਾਂ ਦੇ ਵਿੱਚ ਲਗਾਤਾਰ ਚਾਰ ਤੋਂ ਪੰਜ ਬੰਬ ਧਮਾਕੇ ਹੋਏ ਹਨ। ਜਦੋਂ ਮੌਕੇ ਤੇ ਦੇਖਿਆ ਗਿਆ ਤਾਂ ਇਨਾ ਧਮਾਕਿਆਂ ਦੇ ਨਾਲ ਖੇਤਾਂ ਵਿੱਚ 40 ਫੁੱਟ ਤੋਂ ਚੌੜੇ ਅਤੇ 10 ਫੁੱਟ ਤੋਂ ਡੂੰਘੇ ਟੋਏ ਪੈ ਚੁੱਕੇ ਹਨ। ਇਸ ਤੋਂ ਇਲਾਵਾ ਨੇੜੇ ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮਰ ਆਦੀ ਵੀ ਇਹਨਾਂ ਬੰਬ ਧਮਾਕਿਆਂ ਕਾਰਨ ਪ੍ਰਭਾਵਿਤ ਹੋਏ ਹਨ।ਇਸ ਤੋਂ ਇਲਾਵਾ ਨੇੜਲੇ ਘਰਾਂ ਦੇ ਸ਼ੀਸ਼ੇ ਤਾਂ ਛੱਡੋ ਦਰਵਾਜੇ ਵੀ ਧਮਾਕਿਆਂ ਦੇ ਨਾਲ ਟੁੱਟਣ ਦੀਆਂ ਖਬਰਾਂ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਘਰ ਦੇ ਮਾਲਕ ਗੁਰਕਰਨ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ ਪੰਜ ਵਜੇ 4 ਤੋਂ 5 ਧਮਾਕੇ ਹੋਏ ਸਨ ਪਹਿਲੇ ਧਮਾਕਿਆਂ ਨਾਲ ਤਾਂ ਕੁਝ ਨਹੀਂ ਹੋਇਆ ਪਰ ਪਿੱਛੋਂ ਹੋਏ 3 ਧਮਾਕਿਆਂ ਕਾਰਨ ਉਹਨਾਂ ਦੇ ਘਰ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਬੰਬ ਧਮਾਕੇ ਹੋਏ ਤਾਂ ਉਹ ਘਰ ਦੀ ਛੱਤ ਤੇ ਸਨ ਤਾਂ ਲਗਾਤਾਰ ਬੰਬ ਡਿੱਗਣੇ ਸ਼ੁਰੂ ਹੋ ਗਏ। ਪਹਿਲੇ ਧਮਾਕਿਆਂ ਦੀ ਇੰਨੀ ਆਵਾਜ਼ ਨਹੀਂ ਸੀ ਪਰ ਪਿੱਛੋਂ ਡਿੱਗੇ ਤਿੰਨ ਧਮਾਕਿਆਂ ਕਾਰਨ ਪਿੰਡ ਦੇ ਆਲੇ ਦੁਆਲੇ ਧੂਆਂ ਹੀ ਧੂਆਂ ਹੋ ਗਿਆ ਸੀ ਅਤੇ ਉਹਨਾਂ ਨੂੰ ਇੰਜ ਜਾਪਿਆ ਕਿ ਜਿਵੇਂ ਧਮਾਕੇ ਉਹਨਾਂ ਦੇ ਪਿੰਡ ਦੇ ਵਿੱਚ ਹੀ ਹੋਏ ਹਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭੈਣੀ ਮੀਆਂ ਖਾਨ ਦੇ ਮੁਖੀ ਸਰਬਜੀਤ ਸਿੰਘ ਚਾਲ ਡੀਐਸਪੀ ਕੁਲਵੰਤ ਸਿੰਘ ਤੋਂ ਇਲਾਵਾ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਨੇ ਵੀ ਮੌਕੇ ਦਾ ਜਾਇਜ਼ਾ ਲਿਆ।