ਯੁੱਧ ਨਸ਼ਿਆ ਵਿਰੁੱਧ" ਮੁਹਿੰਮ: 2 ਜਣੇ ਹੈਰੋਇਨ ਸਮੇਤ ਗ੍ਰਿਫਤਾਰ
ਦੀਪਕ ਜੈਨ
ਜਗਰਾਉਂ, 2 ਮਈ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਥਾਣਾ ਸੁਧਾਰ ਦੀ ਪੁਲਿਸ ਪਾਰਟੀ ਵੱਲੋਂ ਅੱਜ ਦੋ ਨਸ਼ਾ ਤਸਕਰਾਂ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਤੋਂ ਮਿਲੀ ਜਾਣਕਾਰੀ ਮੁਤਾਬਕ ਐਸਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖਤ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ 130 ਗਰਾਮ ਅਤੇ 263 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
ਡੀਐਸਪੀ ਖੋਸਾ ਨੇ ਦੱਸਿਆ ਦੋ ਮਈ ਨੂੰ ਥਾਣਾ ਮੁਖੀ ਆਪਣੀ ਪੁਲਿਸ ਪਾਰਟੀ ਦੇ ਨਾਲ ਦਾਨਾ ਮੰਡੀ ਸੁਧਾਰ ਤੋਂ ਸੂਆ ਕਾਲਜ ਰੋਡ ਸੁਧਾਰ ਉੱਤੇ ਜਾ ਰਹੇ ਸਨ। ਤਾਂ ਸਿਵਿਲ ਹਸਪਤਾਲ ਸੁਧਾਰ ਦੀ ਕੰਧ ਕੋਲ ਖੜੇ ਇੱਕ ਵਿਅਕਤੀ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜੀ ਲਫਾਫੀ਼ ਜਮੀਨ ਉੱਤੇ ਸੁੱਟ ਦਿੱਤੀ ਅਤੇ ਉਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਮੌਕੇ ਉੱਤੇ ਰੋਕ ਕੇ ਕਾਬੂ ਕੀਤਾ ਅਤੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਗੁਰਮੀਤ ਸਿੰਘ ਉਰਫ ਪ੍ਰੀਤ ਪੁੱਤਰ ਜਰਨੈਲ ਸਿੰਘ ਵਾਸੀ ਮੋਹੀ ਥਾਣਾ ਸੁਧਾਰ ਦੱਸਿਆ।
ਜਦੋਂ ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀ ਦੁਆਰਾ ਸੁੱਟੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਜਿਸ ਦਾ ਵਜਨ ਕਰਨ ਤੇ 130 ਗਰਾਮ ਹੋਇਆ ਜਿਸ ਤੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਪੁੱਤਰ ਜਰਨੈਲ ਸਿੰਘ ਵਾਸੀ ਮੋਹੀ ਥਾਣਾ ਸੁਧਾਰ ਵਿਰੁੱਧ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਰਜਿਸਟਰ ਕੀਤਾ ਗਿਆ। ਡੀਐਸਪੀ ਖੋਸਾ ਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਕੋਲੋਂ ਜਦੋਂ ਅੱਗੇ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਗੁਰਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬੁਰਜ ਹਰੀ ਸਿੰਘ ਥਾਣਾ ਸਦਰ ਰਾਏਕੋਟ ਦਾ ਨਾਮ ਦੱਸਿਆ। ਜਿਸ ਨੂੰ ਉਕਤ ਮੁਕਦਮੇ ਵਿੱਚ ਨਾਮਜਦ ਕਰਕੇ ਜੁਰਮ ਵਾਧਾ ਕੀਤਾ ਗਿਆ ਹੈ ਅਤੇ ਜਦੋਂ ਗੁਰਵਿੰਦਰ ਸਿੰਘ ਨੂੰ ਰੇਡ ਮਾਰ ਕੇ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ 263 ਗਰਾਮ ਹੈਰੋਇਣ ਬਰਾਮਦ ਕੀਤੀ ਗਈ। ਕਾਬੂ ਕੀਤੇ ਦੋਸ਼ੀਆਂ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।