ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ– ਪ੍ਰਨੀਤ ਕੌਰ ਨੇ ਬੀ.ਬੀ.ਐਮ.ਬੀ ਦੇ ਫੈਸਲੇ ਦੀ ਕੀਤੀ ਨਿੰਦਾ
ਵਾਧੂ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦਿੱਤੀ ਜਾ ਸਕਦੀ- ਪ੍ਰਨੀਤ ਕੌਰ
ਜਗਤਾਰ ਸਿੰਘ
ਪਟਿਆਲਾ 2 ਮਈ 2025 :
ਅੱਜ ਪਟਿਆਲਾ ਵਿਖੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ, ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਜਿਲ੍ਹਾ ਪਟਿਆਲਾ ਦੀ ਭਾਜਪਾ ਵਰਕਰਾਂ ਵੱਲੋਂ ਬੀ.ਬੀ.ਐਮ.ਬੀ ਪਾਣੀਆਂ ਦੇ ਮੁੱਦੇ ਉੱਪਰ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਪ੍ਰਨੀਤ ਕੌਰ ਵੱਲੋਂ ਪੰਜਾਬ ਦੇ ਹਿੱਸੇ ’ਚੋਂ ਗੁਆਂਢੀ ਸੂਬੇ ਹਰਿਆਣਾ ਨੂੰ ਭਾਖੜਾ ਡੈਮ ਤੋਂ ਫੌਰੀ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲੇ ਨੂੰ ਪੰਜਾਬ ਦੇ ਪਾਣੀਆਂ ’ਤੇ ਡਾਕਾ ਦੱਸਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ "ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਦੀ ਮਾਰ ਸਹਿ ਰਿਹਾ ਹੈ, ਪੰਜਾਬ ਦੇ 115 ਜ਼ੋਨ ਪਹਿਲਾਂ ਹੀ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ,ਸਾਡੇ ਕੋਲ ਕਿਸੇ ਹੋਰ ਰਾਜ ਨੂੰ ਵਾਧੂ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ ਹੈ।"
ਉਨਾਂ ਨੇ ਕਿਹਾ ਕਿ "ਹਰਿਆਣਾ ਪਹਿਲਾਂ ਹੀ ਪਾਣੀ ਦੀ ਆਪਣੀ ਸਾਲਾਨਾ ਵੰਡ ਦਾ 104 ਫ਼ੀਸਦ ਵਰਤ ਚੁੱਕਾ ਹੈ, ਭਾਖੜਾ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਹੇਠਾਂ ਦਰਜ ਕੀਤਾ ਗਿਆ ਜਦਕਿ ਦੂਸਰੇ ਪਾਸੇ ਹਰਿਆਣਾ ਦੀ 8500 ਕਿਊਸਿਕ ਵਾਧੂ ਪਾਣੀ ਦੀ ਮੰਗ ਕਿੱਦਾਂ ਪੂਰੀ ਕੀਤੀ ਜਾ ਸਕਦੀ ਹੈ, ਆਉਣ ਵਾਲੇ ਦਿਨਾਂ 'ਚ ਰਾਜ ਦੇ ਕਿਸਾਨਾਂ ਨੂੰ ਗੰਭੀਰ ਪਾਣੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
ਉਨਾਂ ਨੇ ਪੰਜਾਬ ਦੀ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਆਲੋਚਨਾ ਕਰਦੇ ਕਿਹਾ ਕਿ "ਮੁੱਖ ਮੰਤਰੀ ਭਗਵੰਤ ਮਾਨ ਸਿਰਫ ਬਿਆਨਬਾਜ਼ੀ ਵਿੱਚ ਵਿਅਸਤ ਹਨ, ਜਦਕਿ ਅਸਲ ਲੜਾਈ ਵਿੱਚ ਪੰਜਾਬ ਪਿੱਛੇ ਰਹਿ ਗਿਆ, ਪੰਜਾਬ ਸਰਕਾਰ ਆਪਣੀ ਨਾਕਾਮੀ ਨੂੰ ਝੁਪਾਉਣ ਲਈ ਹੁਣ ਨਾਟਕ ਕਰ ਰਹੀ ਹੈ,ਅੱਜ ਜੋ ਵੀ ਸਥਿਤੀ ਬਣੀ ਹੈ, ਉਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸਿੱਧੀ ਤੌਰ 'ਤੇ ਜ਼ਿੰਮੇਵਾਰ ਹੈ।"
ਅੰਤ ਵਿੱਚ ਪ੍ਰਨੀਤ ਕੌਰ ਵੱਲੋਂ ਕਿਹਾ ਗਿਆ ਕਿ "ਪੰਜਾਬ ਭਾਜਪਾ ਇਸ ਫੈਸਲੇ ਨਾਲ ਕੱਤਈ ਸਹਿਮਤ ਨਹੀਂ ਹੈ ਅਤੇ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ,ਭਾਜਪਾ ਪੰਜਾਬ ਕਿਸੇ ਵੀ ਕੀਮਤ ’ਤੇ ਪੰਜਾਬ ਦੇ ਹਿਤਾਂ ਨੂੰ ਅਣਡਿੱਠਾ ਨਹੀਂ ਹੋਣ ਦੇਵੇਗੀ ਅਤੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਚਟਾਨ ਵਾਂਗ ਖੜੀ ਹੈ।"