ਪੰਜਾਬ ਦੇ ਰਾਜਪਾਲ ਵੱਲੋਂ ਹੈੱਡ ਟੀਚਰ ਰਾਜਵਿੰਦਰਪਾਲ ਕੌਰ ਬਿਹਤਰ ਸੇਵਾਵਾਂ ਲਈ ਸਨਮਾਨਿਤ
ਵਿਦਿਆਰਥੀਆਂ ਨੂੰ ਗੁਣਤਾਂਮਕ ਸਿੱਖਿਆ ਦੇਣਾ ਹੀ ਮੇਰਾ ਉਦੇਸ਼ ਹੈ : ਰਾਜਵਿੰਦਰਪਾਲ ਕੌਰ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ ਹੈੱਡ ਟੀਚਰ ਰਜਵਿੰਦਰਪਾਲ ਕੌਰ ਸਟੇਟ ਅਵਾਰਡੀ ਨੂੰ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਰਜਿੰਦਰਪਾਲ ਕੌਰ ਸਟੇਟ ਅਵਾਰਡੀ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਨਿੱਜੀ ਚੈੱਨਲ ਵੱਲੋਂ ਚੰਡੀਗੜ੍ ਸਿੱਖਿਆ ਸੰਮੇਲਨ 2025 "ਤਾਲੀਮ” ਕਰਵਾਇਆ ਗਿਆ , ਜਿਸ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆਂ ਵੱਲੋਂ ਮੁੱਖ ਮਹਿਮਾਨ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਬਲਾਕ ਗੁਰਦਾਸਪੁਰ-1 ਨੂੰ ਸਮਾਰਟ ਸਕੂਲ ਬਣਾਉਣ ਅਤੇ ਵਿਦਿਆਰਥੀਆਂ ਨੂੰ ਮਿਆਰੀ ਤੇ ਗੁਣਵੰਨਤਾ ਭਰਪੂਰ ਸਿੱਖਿਆ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੱਲੇ ਇਸ ਲਾਈਵ ਪ੍ਰੋਗਰਾਮ ਵਿੱਚ ਗੱਲਬਾਤ ਕਰਦਿਆਂ ਹੈੱਡ ਟੀਚਰ ਰਾਜਵਿੰਦਰਪਾਲ ਕੌਰ ਨੇ ਸਰਕਾਰੀ ਸਕੂਲ ਨੂੰ ਸਮਾਰਟ ਬਣਾਉਣ ਦੇ ਤਜਰਬੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਮੈਡਮ ਰਾਜਵਿੰਦਰ ਪਾਲ ਕੌਰ ਵੱਲੋਂ ਨਿੱਜੀ ਤੌਰ ਤੇ ਆਪਣੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਦਾਨ ਕਰਵਾ ਕੇ ਅਤੇ ਪਿੰਡ ਵਾਸੀਆਂ ਤੋਂ ਉਗਰਾਹੀ ਕਰਕੇ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਹੈ। ਇਸ ਮੌਕੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਉਨ੍ਹਾਂ ਨੂੰ ਬਿਹਤਰ ਸੇਵਾਵਾਂ ਅਤੇ ਸਕੂਲ ਨੂੰ ਸਮਾਰਟ ਬਣਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਪਣੇ ਸਮੁੱਚੇ ਸਟਾਫ਼ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਸਰਕਾਰੀ ਸਕੂਲ ਪੜ੍ਹਾਈ ਤੇ ਸਹੂਲਤਾਂ ਪੱਖੋਂ ਨਿੱਜੀ ਸਕੂਲਾਂ ਨੂੰ ਹਰ ਪੱਖੋਂ ਮਾਤ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਮਾਪੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾਂ ਸਟੇਟ ਅਵਾਰਡੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਪਰਮਜੀਤ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਅਨਿਲ ਸ਼ਰਮਾ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਇੱਕਬਾਲ ਸਿੰਘ ਗੋਰਾਇਆ ਨੇ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਸਟਾਫ਼ ਸ਼੍ਰੀਮਤੀ ਸਰੋਜ ਬਾਲਾ, ਸ਼੍ਰੀਮਤੀ ਰੇਂਨੂੰ ਬਾਲਾ, ਸ਼੍ਰੀਮਤੀ ਮਨਪ੍ਰੀਤ ਕੌਰ , ਸ਼੍ਰੀਮਤੀ ਸੁਰਿੰਦਰ ਕੌਰ ਤੇ ਆਂਗਣਵਾੜੀ ਵਰਕਰ ਸ਼੍ਰੀਮਤੀ ਕੁਲਵਿੰਦਰ ਕੌਰ ਹਾਜ਼ਰ ਸਨ।