ਟਰੈਫਿਕ ਪੁਲਿਸ ਨੇ ਠਾਠਾ ਪਟਾਕੇ ਮਾਰਦੇ ਬੁਲੇਟ ਮੋਟਰਸਾਈਕਲ ਤੇ ਕੱਸਿਆ ਸ਼ਿਕੰਜਾ
ਟਰੈਫਿਕ ਸਮੱਸਿਆ ਨੂੰ ਸਮਝਾਉਣ ਲਈ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਵੀ ਚੁੱਕ ਕੇ ਸੁੱਟੇ ਗੱਡੀ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ , 2 ਮਈ 2025 :
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਸ਼ਰਾਰਤੀ ਕਿਸਮ ਦੇ ਨੌਜਵਾਨ ਬੁਲੇਟ ਮੋਟਰਸਾਈਕਲ ਦੇ ਸਲੈਂਸਰ ਦੀ ਜਾਲੀ ਕਢਵਾ ਦਿੰਦੇ ਹਨ ਅਤੇ ਬੁਲੇਟ ਮੋਟਰਸਾਈਕਲ ਪਟਾਕੇ ਮਾਰਨ ਲੱਗ ਪੈਂਦਾ ਹੈ। ਇਕਦਮ ਪਟਾਕੇ ਦੀ ਆਵਾਜ਼ ਆਉਣ ਨਾਲ ਸੜਕ ਤੇ ਆਉਂਦੇ ਜਾਂਦੇ ਲੋਕ ਡਰ ਜਾਂਦੇ ਹਨ ਜਿਸ ਕਾਰਨ ਪੁਲਿਸ ਵੱਲੋਂ ਲਗਾਤਾਰ ਅਜਿਹੇ ਬੁਲਟ ਮੋਟਰਸਾਈਕਲਾਂ ਤੇ ਚਲਾਨ ਕੱਟੇ ਜਾਂਦੇ ਹਨ । ਅੱਜ ਫਿਰ ਟਰੈਫਿਕ ਪੁਲਿਸ ਨੇ ਗੁਰਦਾਸਪੁਰ ਵਿਖੇ ਅਜਿਹੇ ਬੁਲੇਟ ਮੋਟਰਸਾਈਕਲ ਚਾਲਕਾਂ ਦੇ ਖਿਲਾਫ ਖਾਸ ਮੁਹਿਮ ਸ਼ੁਰੂ ਕੀਤੀ । ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਈਕਲਾਂ ਤੇ ਹੋਰ ਅਧੂਰੇ ਦਸਤਾਵੇਜ਼ ਵਾਲੇ 65 ਦੋ ਪਹੀਆ ਚਾਲਕਾਂ ਦੇ ਚਲਾਨ ਟਰੈਫਿਕ ਪੁਲਿਸ ਵੱਲੋਂ ਕੱਟੇ ਗਏ। ਇਸ ਦੇ ਨਾਲ ਹੀ ਟਰੈਫਿਕ ਪੁਲਿਸ ਵੱਲੋਂ ਵੱਖ-ਵੱਖ ਬਾਜ਼ਾਰਾਂ ਵਿੱਚ ਟਰੈਫਿਕ ਸਮੱਸਿਆ ਨੂੰ ਵਧਾਉਣ ਵਾਲੇ ਸੜਕਾਂ ਤੇ ਪਏ ਦੁਕਾਨਾਂ ਦੇ ਬੋਰਡ ਵੀ ਜਬਤ ਕੀਤੇ ਗਏ।
ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਜ਼ਾਰਾਂ ਵਿੱਚ ਅੱਜ ਫੇਰ ਕਬਜ਼ਾ ਛੁਡਾਓ ਅਭਿਆਨ ਨੇ ਸ਼ੁਰੂ ਕੀਤਾ ਗਿਆ ਹੈ ਤੇ ਇਸ ਦੌਰਾਨ ਯੈਲੋ ਲਾਈਨ ਦੇ ਬਾਹਰ ਲੱਗੇ ਦੋ ਪਹੀਆ ਵਾਹਨ ਚਾਲਕਾਂ ਨੂੰ ਹਿਦਾਇਤ ਕੀਤੀ ਗਈ ਕਿ ਉਹ ਆਪਣੀਆਂ ਗੱਡੀਆਂ ਯੈਲੋ ਲਾਈਨ ਦੇ ਅੰਦਰ ਹੀ ਲਗਾਉਣ ਤਾਂ ਜੋ ਟਰੈਫਿਕ ਵਿੱਚ ਕੋਈ ਰੁਕਾਵਟ ਨਾ ਹੋਵੇ। ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਦੇ ਬੋਰਡ ਜੋ ਸੜਕ ਦੇ ਵਿਚਕਾਰ ਲੱਗੇ ਸਨ ਉਹ ਵੀ ਜਬਤ ਕੀਤੇ ਗਏ ਹਨ ਅਤੇ ਨਾਲ ਹੀ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਚਾਲਕਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਟਰੈਫਿਕ ਪੁਲਿਸ ਦਾ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ ਕਿਉਂਕਿ ਐਸਐਸਪੀ ਸਾਹਿਬ ਦੀਆਂ ਸਖਤ ਹਿਦਾਇਤਾਂ ਹਨ ਕਿ ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ।