ਗੁਰਦਾਸਪੁਰ ਦੇ ਕਸਬਾ ਘੁਮਾਣ 'ਚ ਕੀਤੀ ਅੰਨ੍ਹੇਵਾਹ ਫਾਇਰਿੰਗ
ਮਾਲਕ ਦੇ ਪੁੱਤਰ ਨੇ ਭੱਜ ਕੇ ਬਚਾਈ ਜਾਨ ,,,ਘਟਨਾ ਦੀ CCTV ਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ : ਜਿਲਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ ਘੁਮਾਣ ਦੇ ਚੌਕ ਚ ਸਥਿਤ ਇੱਕ ਮਸ਼ਹੂਰ ਦੁਕਾਨ ਗੋਲ਼ ਹੱਟੀ 'ਤੇ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰੇਆਮ ਗੋਲ਼ੀਆਂ ਚਲਾਉਣ ਦੀ ਵਾਰਦਾਤ ਸਾਮਣੇ ਆਈ ਹੈ । ਨੌਜਵਾਨਾਂ ਵੱਲੋਂ ਕੁੱਲ ਛੇ ਰੋਜ਼ ਫਾਇਰ ਕੀਤੇ ਗਏ ਹਾਲਾਂਕਿ ਗੋਲੀਬਾਰੀ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਦੁਕਾਨ ਮਾਲਕ ਨੇ ਭੱਜ ਕੇ ਆਪਣੀ ਜਾਨ ਬਚਾਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੁਖਦੀਪ ਸਿੰਘ ਵਾਸੀ ਘੁਮਾਣ ਨੇ ਦੱਸਿਆ ਕਿ ਉਹ ਕਿਸੇ ਰਿਸ਼ਤੇਦਾਰ ਦੇ ਘਰ ਅੰਮ੍ਰਿਤਸਰ ਸਾਹਿਬ ਵਿਖੇ ਗਏ ਸਨ ਤੇ ਦੁਕਾਨ 'ਤੇ ਉਹਨਾਂ ਦਾ ਬੇਟਾ ਜਗਪ੍ਰੀਤ ਸਿੰਘ ਮੌਜੂਦ ਸੀ ਕਿ ਜਦੋਂ ਉਹ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਵਰਕਰ ਰਾਤ ਨੂੰ ਦੁਕਾਨ ਬੰਦ ਕਰ ਰਹੇ ਸਨ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਰੇਆਮ ਦੁਕਾਨ 'ਤੇ ਫਾਇਰਿੰਗ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਗੋਲ਼ੀਆਂ ਦੇ ਖੋਲ ਮਿਲੇ ਹਨ ਜਿਸ ਵਿੱਚੋਂ ਤਿੰਨ ਗੋਲ਼ੀਆਂ ਦੁਕਾਨ ਅੰਦਰ ਲੱਗੇ ਸ਼ੀਸ਼ੇ ਉੱਤੇ ਵੱਜੀਆਂ। ਉੱਥੇ ਹੀ ਦੁਕਾਨ ਮਾਲਕ ਅਨੁਸਾਰ ਵਾਰਦਾਤ ਵੇਲੇ ਉਸਦੇ ਬੇਟੇ ਜਸਪ੍ਰੀਤ ਸਿੰਘ ਨੇ ਅੰਦਰ ਭੱਜ ਕੇ ਜਾਨ ਬਚਾਈ। ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕੋਈ ਫਿਰੌਤੀ ਲਈ ਕਦੇ ਕੋਈ ਫ਼ੋਨ ਆਇਆ ਹੈ। ਉਧਰ ਇਸ ਵਾਰਦਾਤ ਨਾਲ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।ਉਧਰ ਪੁਲਿਸ ਥਾਣਾ ਘੁਮਾਣ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।