ਭਾਜਪਾ ਆਗੂ ਪਰਮਪਾਲ ਕੌਰ ਸਿੱਧੂ ਵੱਲੋਂ ਪਹਿਲਗਾਮ ਕਤਲੇਆਮ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ , 24 ਅਪ੍ਰੈਲ 2025 :ਦੁਨੀਆਂ ਚ ਭਾਰਤ ਦੇ ਵੱਡੇ ਹੋ ਰਹੇ ਰੁਤਬੇ ਅਤੇ ਦੇਸ਼ ਦਾ ਆਰਥਿਕ ਮੁਹਾਜ ਤੇ ਵੱਡੀ ਤਾਕਤ ਬਣਨਾ ਵਿਰੋਧੀ ਦੇਸ਼ਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਭਾਰਤ ਨੂੰ ਕਮਜ਼ੋਰ ਕਰਨ ਲਈ ਪਹਿਲਗਾਮ ਵਰਗੇ ਹਮਲੇ ਕੀਤੇ ਜਾਂਦੇ ਹਨ । ਭਾਜਪਾ ਦੇ ਸੀਨੀਅਰ ਆਗੂ ਸੇਵਾਮੁਕਤ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਗੁਆਂਢੀ ਮੁਲਕ ਅਜ਼ਾਦੀ ਤੋਂ ਬਾਅਦ ਕੁਝ ਸਾਲ ਭਾਰਤ ਤੇ ਸਿਧੇ ਹਮਲੇ ਕਰਦਾ ਰਿਹਾ ਵੱਡੀਆਂ ਹਾਰਾਂ ਤੋਂ ਬਾਅਦ ਉਹ ਅੱਤਵਾਦੀ ਸੰਗਠਨਾਂ ਰਾਹੀਂ ਅਸਿੱਧੇ ਹਮਲੇ ਕਰਨ ਲੱਗਿਆ ਹੈ । ਉਨ੍ਹਾਂ ਕਿਹਾ ਕਿ ਕਸ਼ਮੀਰ ਘਾਟੀ ਚ ਵੀ ਗੁਆਂਢੀ ਮੁਲਕ ਨੇ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਦੇਸ਼ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਸਖਤ ਫੈਸਲੇ ਨਹੀਂ ਕੀਤੇ ਹਨ।
ਉਹਨਾਂ ਕਿਹਾ ਕਿ ਇਸ ਨਾਲ ਦੁਸ਼ਮਣਾਂ ਦੇ ਹੌਸਲੇ ਬੁਲੰਦ ਹੁੰਦੇ ਗਏ ਜਿਸ ਦਾ ਨੁਕਸਾਨ ਸਮੁੱਚੀ ਕਸ਼ਮੀਰ ਘਾਟੀ ਨੇ ਭੁਗਤਿਆ ਹੈ। ਉਹਨਾਂ ਕਿਹਾ ਕਿ ਸਾਲ 2014 ਤੋਂ ਬਾਅਦ ਕੇਂਦਰ ਵਿੱਚ ਬਣੀ ਮੋਦੀ ਸਰਕਾਰ ਨੇ ਅੱਤਵਾਦ ਨਾਲ ਸਖਤੀ ਨਾਲ ਨਜਿੱਠਿਆ ਅਤੇ ਕਸ਼ਮੀਰ ਵਿੱਚ ਸਖਤ ਪੇਸ਼ਬੰਦੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਸ਼ਮੀਰ ਘਾਟੀ ਵਿੱਚ ਹਾਲਾਤ ਆਮ ਵਾਂਗ ਹੋ ਗਏ ਸਨ ਜੋ ਕਿ ਦੁਸ਼ਮਣ ਦੇਸ਼ ਨੂੰ ਹਜਮ ਨਹੀਂ ਹੋ ਰਿਹਾ ਸੀ।
ਉਹਨਾਂ ਕਿਹਾ ਕਿ ਅੱਤਵਾਦੀਆਂ ਨੇ ਗੁਆਂਢੀ ਦੇਸ਼ ਦੇ ਇਸ਼ਾਰੇ ਤੇ ਪਹਿਲਗਾਮ ਕਤਲੇਆਮ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੇ ਭੈੜੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਅਤੇ ਭਾਰਤ ਸਰਕਾਰ ਇਹਨਾਂ ਅੱਤਵਾਦੀ ਧਿਰਾਂ ਨਾਲ ਸਖਤੀ ਸਾਹਿਤ ਨਜਿਠੇਗੀ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਮੁੱਚੇ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਯਕੀਨੀ ਬਣਾਏਗੀ ਅਤੇ ਜਲਦੀ ਹੀ ਹਾਲਾਤ ਆਮ ਵਾਂਗ ਹੋ ਜਾਣਗੇ।