ਸਾਈਬਰ ਕ੍ਰਾਈਮ ਦੇ ਮਿਸਟਰ ਇੰਡੀਆ (ਸਰਗਣਾ) ਨੂੰ ਲੱਭ ਰਹੀ ਹੈ ਹਰਿਆਣਾ ਪੁਲਿਸ
ਦੀਪਕ ਜੈਨ
ਜਗਰਾਉਂ 9 ਅਪ੍ਰੈਲ 2025 - ਬੀਤੇ ਦਿਨੀ ਹਰਿਆਣਾ ਦੇ ਕੁਰੂਕਸ਼ੇਤਰ ਜਿਲੇ ਦੀ ਪੁਲਿਸ ਪਾਰਟੀ ਵੱਲੋਂ ਉਥੋਂ ਦੇ ਇੱਕ ਸਿੱਖਿਆ ਅਧਿਕਾਰੀ ਨਾਲ ਹੋਈ ਆਨਲਾਈਨ ਠੱਗੀ ਜਿਸ ਵਿੱਚ 35 ਲੱਖ ਰੁਪਏ ਦੀਆਂ ਐਂਟਰੀਆਂ ਜਗਰਾਉਂ ਹੋਣ ਦੀ ਖਬਰ ਸੀ ਅਤੇ 10 ਲੱਖ ਰੁਪਏ ਆੜਤੀ ਰੋਹਿਤ ਕੁਮਾਰ ਦੇ ਕਰਮਚਾਰੀ ਚੰਚਲ ਕਪੂਰ ਦੇ ਖਾਤੇ ਵਿੱਚ ਆਏ ਸਨ ਅਤੇ ਕੁਰੂਕਸ਼ੇਤਰ ਪੁਲਿਸ ਨੇ ਜਗਰਾਓ ਛਾਪੇਮਾਰੀ ਕਰਕੇ ਚੰਚਲ ਕਪੂਰ ਨੂੰ ਗ੍ਰਿਫਤਾਰ ਕਰ ਲਿੱਤਾ ਸੀ ਅਤੇ ਉਸਨੂੰ ਆਪਣੇ ਨਾਲ ਕੁਰੂਕਸ਼ੇਤਰ ਲੈ ਗਏ ਸਨ। ਜਿੱਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਇੱਥੇ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਦੇ ਆੜਤੀ ਰੋਹਿਤ ਕੁਮਾਰ ਵੱਲੋਂ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਹਰਿਆਣਾ ਦੇ ਕੂਰੂਕਸ਼ੇਤਰ ਦੇ ਇੱਕ ਸਿੱਖਿਆ ਅਧਿਕਾਰੀ ਨੂੰ ਸੀਬੀਆਈ ਅਫਸਰ ਬਣ ਕੇ ਡਰਾਇਆ ਗਿਆ ਸੀ ਅਤੇ ਅਧਿਕਾਰੀ ਨੂੰ ਝੂਠੇ ਡਰੱਗ ਕੇਸ ਵਿੱਚ ਫਸਾਣ ਦੀ ਧਮਕੀ ਦੇ ਕੇ ਉਸ ਕੋਲੋਂ 35 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾ ਲਿੱਤੇ ਗਏ ਸਨ ਅਤੇ ਜਦੋਂ ਇਹਨਾਂ ਸਾਈਬਰ ਠੱਗਾਂ ਵੱਲੋਂ ਹੋਰ ਰਕਮ ਦੀ ਮੰਗ ਕੀਤੀ ਗਈ ਤਾਂ ਉਸ ਸਿੱਖਿਆ ਅਧਿਕਾਰੀ ਨੂੰ ਸ਼ੱਕ ਹੋ ਗਿਆ ਅਤੇ ਉਸਨੇ ਇਸ ਦੀ ਸ਼ਿਕਾਇਤ ਕੁਰੂਕਸ਼ੇਤਰ ਪੁਲਿਸ ਨੂੰ ਦਿੱਤੀ। ਜਿਸ ਤੇ ਕੁਰੂਕਸ਼ੇਤਰ ਪੁਲਿਸ ਵੱਲੋਂ ਪੜਤਾਲ ਕਰਦੇ ਹੋਏ ਇਸ ਦੀਆਂ ਤਾਰਾਂ ਜਗਰਾਉਂ ਨਾਲ ਜੁੜੀਆਂ ਹੋਣ ਕਾਰਨ ਜਗਰਾਉਂ ਦੇ ਆੜਤੀ ਰੋਹਿਤ ਕੁਮਾਰ ਦੇ ਸਾਥੀ ਚੰਚਲ ਕਪੂਰ ਨੂੰ ਗ੍ਰਿਫਤਾਰ ਕਰ ਲਿੱਤਾ ਸੀ।
ਚੰਚਲ ਕਪੂਰ ਦੇ ਖਾਤੇ ਵਿੱਚ 10 ਲੱਖ ਰੁਪਏ ਦੀ ਐਂਟਰੀ ਹੋਈ ਸੀ ਅਤੇ ਚੰਚਲ ਕਪੂਰ ਵੱਲੋਂ ਇਸ 10 ਲੱਖ ਨੂੰ ਚੈੱਕ ਰਾਹੀਂ ਰੋਹਿਤ ਕੁਮਾਰ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ। ਚੰਚਲ ਕਪੂਰ ਵੱਲੋਂ ਕੁਰੂਕਸ਼ੇਤਰ ਪੁਲਿਸ ਨੂੰ ਰਿਮਾਂਡ ਦੌਰਾਨ ਦੱਸਿਆ ਹੈ ਕਿ ਇਸ ਸਾਈਬਰ ਠੱਗੀ ਦਾ ਮਾਸਟਰ ਮਾਇੰਡ ਰੋਹਿਤ ਕੁਮਾਰ ਆੜਤੀਆ ਹੀ ਹੈ ਜਿਸ ਨੂੰ ਢੂੰਢਣ ਲਈ ਅੱਜ ਕੁਰੂਕਸ਼ੇਤਰ ਪੁਲਿਸ ਦੀ ਇੱਕ ਟੀਮ ਥਾਣਾ ਸਿਟੀ ਜਗਰਾਉਂ ਦੇ ਨਾਲ ਮਿਲ ਕੇ ਉਸ ਦੇ ਘਰ ਅਤੇ ਹੋਰ ਟਿਕਾਣਿਆਂ ਉੱਪਰ ਛਾਪੇ ਮਾਰਦੀ ਰਹੀ ਪਰ ਰੋਹਿਤ ਕੁਮਾਰ ਪੁਲਿਸ ਦੇ ਹੱਥ ਨਹੀਂ ਲੱਗਿਆ।
2 | 8 | 5 | 7 | 5 | 0 | 1 | 8 |