ਕਿਸਾਨ ਮਿੱਟੀ ਪਰਖ ਰਿਪੋਰਟ ਦੇ ਅਧਾਰ 'ਤੇ ਕਰਨ ਖਾਦਾਂ ਦੀ ਸੰਤੁਲਿਤ ਵਰਤੋਂ - ਬਲਾਕ ਖੇਤੀਬਾੜੀ ਅਫ਼ਸਰ ਧਾਰੀਵਾਲ
- ਮਿੱਟੀ ਪਰਖ ਜਾਗਰੂਕਤਾ ਮੁਹਿੰਮ ਦੀ ਸ਼ਰੂਆਤ
ਰੋਹਿਤ ਗੁਪਤਾ
ਬਟਾਲਾ,23 ਮਾਰਚ 2025 - ਮੁੱਖ ਖੇਤੀਬਾੜੀ ਅਫ਼ਸਰ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਬਲਾਕ ਖੇਤਬਾੜੀ ਅਫ਼ਸਰ ਡਾ ਰਸ਼ਪਾਲ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਧਾਰੀਵਾਲ ਦੇ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨੂੰ ਸੋਇਲ ਹੈਲਥ ਐਂਡ ਫਰਟੀਲਿਟੀ ਸਕੀਮ ਅਧੀਨ ਮਿੱਟੀ ਪਰਖ ਕਰਵਾਉਣ, ਖੇਤਾਂ ਵਿਚੋਂ ਮਿੱਟੀ ਦੇ ਨਮੂਨੇ ਲੈਣ ਅਤੇ ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿਚ ਕਿਸਾਨਾਂ ਨੂੰ Soil health and fertility ਸਕੀਮ ਅਧੀਨ ਮਿੱਟੀ ਪਰਖ ਦੀ ਮਹੱਤਤਾ, ਮਿੱਟੀ ਦਾ ਸੈਂਪਲ ਲੈਣ ਦੀ ਵਿਧੀ, ਮਿੱਟੀ ਪਰਖ ਰਿਪੋਰਟ ਦੀ ਵਰਤੋਂ, ਕਣਕ ਅਤੇ ਝੋਨੇ ਦੀ ਫਸਲ ਵਿੱਚ ਪੀ ਏ ਯੂ ਪੱਤਾ ਰੰਗ ਚਾਰਟ ਦੀ ਵਰਤੋਂ ਸਬੰਧੀ ਅਤੇ ਬਾਕੀ ਫਸਲਾਂ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਸਬੰਧੀ ਜਾਣਕਾਰੀ ਦੇਣ ਲਈ ਮਿੱਟੀ ਪਰਖ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੌਕੇ ਡਾ ਰਸ਼ਪਾਲ ਸਿੰਘ ਬੰਡਾਲਾ, ਬਲਾਕ ਖੇਤੀਬਾੜੀ ਅਫਸਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ ਕਣਕ ਦੀ ਵਾਢੀ ਉਪਰੰਤ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਜਰੂਰ ਕਰਵਾਉਣ ਉਹਨਾਂ ਦੱਸਿਆ ਕਿ ਮਿੱਟੀ ਪਰਖ ਰਾਹੀਂ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਖਾਦਾਂ ਦੀ ਦੁਰਵਰਤੋਂ ਨਾ ਕੇਵਲ ਭੂਮੀ ਅਤੇ ਫਸਲਾਂ ਦੀ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ ਸਗੋਂ ਵਾਤਾਵਰਣ ਨੂੰ ਵੀ ਖਰਾਬ ਕਰਦੀ ਹੈ। ਮਿੱਟੀ ਪਰਖ ਤੋਂ ਸਾਨੂੰ ਜ਼ਮੀਨ ਦੀ ਉਪਜਾਊ ਸ਼ਕਤੀ, ਉਸ ਦੇ ਖਾਰੀ ਅੰਗ, ਜੀਵਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਉਪਲਬਧੀ ਦਾ ਪਤਾ ਲੱਗਦਾ ਹੈ ਜਿਸ ਅਨੁਸਾਰ ਖਾਦਾਂ ਦੀ ਮਾਤਰਾ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਰਮਿਆਨੀਆਂ ਜਮੀਨਾਂ ਦੇ ਅਨਕੂਲ ਖਾਦਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜਦ ਕਿ ਮਿੱਟੀ ਪਰਖ ਆਧਾਰ ਤੇ ਇਨ੍ਹਾਂ ਖਾਦਾਂ ਦੀ ਵਰਤੋਂ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ।
ਉਨਾਂ ਦੱਸਿਆ ਕਿ ਖਾਦਾਂ ਦੀ ਸੰਤੁਲਿਤ ਵਰਤੋ ਕਰ ਕੇ ਬੇਲੋੜੇ ਖੇਤੀ ਖਰਚਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਆਪਣੇ ਖੇਤਾਂ ਦੀ ਉਪਜਾਊ ਸ਼ਕਤੀ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਣਕ ਦੀ ਵਾਢੀ ਉਪਰੰਤ ਜੰਤਰ/ਢੈਂਚਾ ਦੀ ਫਸਲ ਬੀਜ ਕੇ 6-8 ਹਫਤੇ ਦੇ ਜੰਤਰ ਦੀ ਫਸਲ ਨੂੰ ਹਰੀ ਖਾਦ ਦੇ ਤੌਰ ਤੇ ਜਮੀਨ ਵਿੱਚ ਵਾਹੁਣ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਣ ਬਾਰੇ ਅਤੇ ਜਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਅਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਗੁਰਮੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਆਕਾਸ਼ਦੀਪ ਸਿੰਘ, ਵਿਕਰਮ ਦਿਆਲ ਸਿੰਘ ਕਮਲਪ੍ਰੀਤ ਸਿੰਘ ਪਵਨਪ੍ਰੀਤ ਕੌਰ ਖੇਤੀਬਾੜੀ ਉਪ ਨਿਰੀਖਕ, ਦਿਲਬਾਗ ਸਿੰਘ ਬੀਟੀਐਮ, ਸਤਨਾਮ ਸਿੰਘ ਏਟੀਐਮ ਅਤੇ ਅਗਾਂਹਵਧੂ ਕਿਸਾਨ ਹਾਜਰ ਸਨ।