ਪੰਜਾਬੀ ਯੂਨੀਵਰਸਿਟੀ ਵਿਖੇ ਵਾਤਾਵਰਨ ਚੇਤਨਾ ਰੈਲੀ ਕੀਤੀ ਗਈ
ਪਟਿਆਲਾ, 18 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਵਿਦਿਆਰਥੀ ਭਲਾਈ ਦਫਤਰ ਵੱਲੋਂ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਦੇ ਸਹਿਯੋਗ ਨਾਲ ਵਾਤਾਵਰਨ ਚੇਤਨਾ ਰੈਲੀ ਕੱਢੀ ਗਈ। ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਵਾਲੀ ਇਸ ਰੈਲੀ ਨੂੰ ਡੀਨ ਵਿਦਿਆਰਥੀ ਭਲਾਈ ਦੇ ਦਫਤਰ ਤੋਂ ਡੀਨ ਅਕਾਦਮਿਕ ਮਾਮਲੇ ਪ੍ਰੋ ਨਰਿੰਦਰ ਕੌਰ ਮੁਲਤਾਨੀ ਅਤੇ ਹੋਰ ਅਧਿਕਾਰੀਆਂ ਨੇ ਰਵਾਨਾ ਕੀਤਾ।
ਇਸ ਰੈਲੀ ਵਿੱਚ ਸ਼ਾਮਿਲ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਚੱਕਰ ਕੱਢਿਆ ਅਤੇ ਵਾਤਾਵਰਣ ਚੇਤਨਾ ਸਬੰਧੀ ਨਾਅਰੇ ਲਗਾਏ।
ਇਸ ਰੈਲੀ ਦਾ ਮਹੱਤਵ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਬਿਜਲੀ ਪਾਣੀ ਬੱਚਤ ਕਰਨ, ਆਪਣੇ ਚੁਗਿਰਦੇ ਨੂੰ ਸਾਫ ਰੱਖਣ ਆਦਿ ਵਿਸ਼ਿਆਂ ਬਾਰੇ ਜਾਗਰਿਤ ਕਰਨਾ ਸੀ।
ਰੈਲੀ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਵੱਲੋਂ ਆਪਣੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਉੱਪਰ ਵਾਤਾਵਰਣ ਜਾਗਰੂਕਤਾ ਵਾਲੇ ਨਾਅਰੇ ਲਿਖੇ ਹੋਏ ਸਨ। ਰੈਲੀ ਵਿੱਚ ਸ਼ਾਮਿਲ ਵਿਦਿਆਰਥੀਆਂ ਨੇ ਸੌਂਹ ਚੁੱਕੀ ਕਿ ਉਹ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਕਾਰਜਾਂ ਵਿੱਚ ਸ਼ਾਮਿਲ ਹੋਣਗੇ ਅਤੇ ਆਪਣੇ ਪੱਧਰ ਉੱਤੇ ਪਾਣੀ ਅਤੇ ਬਿਜਲੀ ਦੀ ਬਚਤ ਕਰਨਗੇ ਅਤੇ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ।
ਰੈਲੀ ਵਿੱਚ ਡੀਨ ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ,ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ, ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਨੈਨਾ ਸ਼ਰਮਾ, ਪਰੋਵੋਸਟ ਡਾ. ਇੰਦਰਜੀਤ ਸਿੰਘ ਚਾਹਲ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਰਹੇ।