ਵਿਧਾਇਕ ਸ਼ੈਰੀ ਕਲਸੀ ਵਲੋਂ ਇਤਿਹਾਸਕ ਸਥਾਨਾਂ ਦੀ ਸੁੰਦਰਤਾ ਤੇ ਨਵੀਨੀਕਰਨ ਲਈ ਯਤਨ ਜਾਰੀ
ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੇ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ
ਰੋਹਿਤ ਗੁਪਤਾ
ਬਟਾਲਾ, 16 ਫਰਵਰੀ 2025 : ਬਟਾਲਾ ਦੇ ਨੋਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੇ ਇਤਿਹਾਸਕ ਸਥਾਨਾਂ ਨੂੰ ਬਰਕਰਾਰ ਰੱਖਣ, ਸਾਂਭ ਸੰਭਾਲ ਕਰਨ ਅਤੇ ਸੁੰਦਰੀਕਰਨ ਲਈ ਨਿਰੰਤਰ ਯਤਨ ਜਾਰੀ ਹਨ। ਉਨਾਂ ਵਲੋਂ ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੇ ਨਵੀਨੀਕਰਨ ਤੇ ਸੁੰਦਰੀਕਰਨ ਕਰਨ ਲਈ ਕੀਤੇ ਯਤਨਾਂ ਤਹਿ ਜਲ ਮਹਿਲ ਵਿਖੇ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ, ਸ਼ੈਰੀ ਕਲਸੀ ਨੇ ਦੱਸਿਆ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਪੂਰੇ ਪੰਜਾਬ ਵਿਚੋਂ ਜਲ ਮਹਿਲ (ਬਾਂਰਾਦਰੀ) ਸਮਾਰਕ ਬਟਾਲਾ ਦੀ ਚੋਣ ਕੀਤੀ ਗਈ ਹੈ ਅਤੇ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਨਵੀਨੀਕਰਨ ਕਰਕੇ ਇਸ ਵਿੱਚ ਪਾਣੀ ਭਰਕੇ ਇਸਨੂੰ ‘ਤਾਲਾਬ’ ਦੀ ਪੁਰਾਤਨ ਦਿੱਖ ਦਿੱਤੀ ਜਾਵੇਗੀ, ਜਿਸ ਦੇ ਚੱਲਦਿਆਂ ਜਲ ਮਹਿਲ ਵਿਖੇ ਵੱਖ-ਵੱਖ ਵਿਕਾਸ ਕੰਮ ਚੱਲ ਰਹੇ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਉਨਾਂ ਨੂੰ ਖੁਸ਼ੀ ਹੈ ਕਿ ਉਨਾਂ ਵਲੋਂ ਲਿਖੇ ਗਏ ਪੱਤਰਾਂ ਤੇ ਵਿਚਾਰ ਕਰਦਿਆਂ ਪੁਰਾਤੱਤਵ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਦੇ ਅਧਿਕਾਰੀਆਂ ਵਲੋਂ ਜਲ ਮਹਿਲ ਦੀ ਪੁਨਰ ਸੁਰਜੀਤੀ ਤੇ ਸੁੰਦਰੀਕਰਨ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ ਸੀ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ।
ਨੋਜਵਾਨ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਬਟਾਲਾ ਸ਼ਹਿਰ, ਆਪਣੇ ਅੰਦਰ ਅਮੀਰ ਵਿਰਾਸਤ ਸਮੋਈ ਬੈਠਾ ਹੈ ਅਤੇ ਉਨਾਂ ਦੀ ਹਮੇਸ਼ਾ ਪਹਿਲ ਰਹੀ ਹੈ ਕਿ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਨਾਲ ਇਸਦਾ ਸੁੰਦਰੀਕਰਨੀ ਵੀ ਕੀਤਾ ਜਾਵੇ ਅਤੇ ਇਨਾਂ ਦੀ ਪੁਰਾਤਨ ਦਿੱਖ ਵੀ ਬਹਾਲ ਰਹੇ। ਉਨਾਂ ਦੁਹਰਾਇਆ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਵਿਕਾਸ ਤੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇ।