ਆਈ.ਐਸ.ਸੀ. ਵੈਲਫੇਅਰ ਐਸੋਸ਼ੀਏਸ਼ਨ ਯੂ.ਕੇ. ਵੱਲੋਂ 24 ਹੁਸ਼ਿਆਰ ਵਿਦਿਆਰਥੀਆਂ ਨੂੰ 1,05,500 ਰੁਪਏ ਦੇ ਵਜ਼ੀਫੇ ਪ੍ਰਦਾਨ
ਬੰਗਾ 6 ਫਰਵਰੀ 2025 - ਸਮਾਜ ਸੇਵਾ ਨੂੰ ਸਮਰਪਿਤ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐੋਸੋਸ਼ੀਏਸ਼ਨ ਡਰਬੀ ਯੂ ਕੇ ਦੀ ਪੰਜਾਬ ਇਕਾਈ ਵੱਲੋਂ ਬੰਗਾ ਵਿਖੇ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਵਜ਼ੀਫਾ ਵੰਡ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ 24 ਵਿਦਿਆਰਥੀਆਂ ਨੂੰ 1,05,500/- ਰੁਪਏ (ਇੱਕ ਲੱਖ, ਪੰਜ ਹਜ਼ਾਰ ਤੇ ਪੰਜ ਸੌ ਰੁਪਏ) ਦੇ ਵਜ਼ੀਫੇ ਤਕਸੀਮ ਕੀਤੇ । ਇਸ ਮੌਕੇ ਸ. ਢਾਹਾਂ ਨੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਐੋਸੋਸ਼ੀਏਸ਼ਨ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ ਅਤੇ ਉਹਨਾਂ ਦੇ ਸੁਨਿਹਿਰੀ ਭਵਿੱਖ ਦੀ ਕਾਮਨਾ ਕੀਤੀ। ਸ. ਢਾਹਾਂ ਨੇ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐੋਸੋਸ਼ੀਏਸ਼ਨ ਵੱਲੋਂ ਲੋੜਵੰਦ, ਹੁਸ਼ਿਆਰ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ ਵਜ਼ੀਫੇ ਦੇ ਰੂਪ ਵਿੱਚ ਵਿੱਤੀ ਮੱਦਦ ਮੁਹੱਈਆ ਕਰਵਾਉਣ ਦੇ ਕਾਰਜਾਂ ਦੀ ਭਾਰੀ ਸ਼ਲਾ੍ਘਾ ਕੀਤੀ ।
ਸਮਾਗਮ ਵਿਚ ਐਸੋਸੀਏਸ਼ਨ ਦੇ ਚੇਅਰਮੈਨ ਸ. ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਅਤੇ ਕਮਾਂਡੈਂਟ (ਰਿਟਾ.) ਸ. ਗਿਆਨ ਸਿੰਘ ਨੇ ਕਿਹਾ ਕਿ ਇੰਡੀਅਨ ਸ਼ਡਿਊਲ ਕਾਸਟ ਵੈਲਫੇਅਰ ਐੋਸੋਸ਼ੀਏਸ਼ਨ ਜ਼ਰੂਰਤਮੰਦ ਪੜ੍ਹਨ ਵਾਲੇ ਵਿਦਿਆਰਥੀ ਨੂੰ ਲਗਾਤਾਰ ਮਦਦ ਕਰਨ ਲਈ ਵਚਨਬੱਧ ਹੈ । ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਐਸ਼ੋਸ਼ੀਏਸ਼ਨ ਵਲੋਂ ਸਪਾਂਸਰ ਵਿਦਿਆਰਥੀਆਂ ਵਿਚੋਂ ਅਨੇਕਾਂ ਬੱਚੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਵਧੀਆ ਜੀਵਨ ਬਿਤਾ ਰਹੇ ਹਨ। ਇਸ ਤੋਂ ਪਹਿਲਾਂ ਐਸ਼ੋਸ਼ੀਏਸ਼ਨ ਦੇ ਸਮੂਹ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਨਮਾਨ ਵੀ ਕੀਤਾ। ਉਹਨਾਂ ਕਿਹਾ ਕਿ ਸ. ਕੁਲਵਿੰਦਰ ਸਿੰਘ ਢਾਹਾਂ ਜੀ ਦੀ ਅਗਵਾਈ ਹੇਠ ਢਾਹਾਂ ਕਲੇਰਾਂ ਵਿਖੇ ਚੱਲ ਰਹੀਆਂ ਮੈਡੀਕਲ ਅਤੇ ਸਿੱਖਿਆ ਸੇਵਾਵਾਂ ਇਲਾਕੇ ਲਈ ਵਰਦਾਨ ਹਨ ।
ਇਸ ਮੌਕੇ ਸ੍ਰੀ ਅਮਰਜੀਤ ਜੱਸਲ, ਉਪਿੰਦਰਜੀਤ ਜੱਸਲ, ਹਰਮੇਸ਼ ਲਾਲ, ਵਰਿੰਦਰ ਜੱਸਲ, ਅਵਤਾਰ ਵਿਰਦੀ, ਕੁਲਵੰਤ ਸਿੰਘ, ਲੰਬੜਦਾਰ ਬਲਦੇਵ ਸਿੰਘ, ਡਾ. ਸਿਮਰਨਜੀਤ ਕੌਰ ਬੀ ਡੀ ਐਸ, ਹਰਜੋਤ ਕੌਰ ਬੀ ਐਸ ਸੀ ਨਰਸਿੰਗ, ਰਾਜਵਿੰਦਰ ਕੌਰ ਬੀ ਏ ਐਲ ਐਲ ਬੀ, ਮੁਸਕਾਨ ਸੱਲਾਂ ਕਿੱਕ ਬੌਕਸਿੰਗ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।