ਤੇ ਹੁਣ ਕਾਰਾਂ ਦੀ ਵਰਕਸ਼ਾਪ ਦੇ ਵਿੱਚ ਵਰਗੇ ਚੋਰ, ਡੈਂਟਿੰਗ ਪੇਂਟਿੰਗ ਵਾਲੇ ਔਜ਼ਾਰ, ਬੈਟਰੀਆਂ ਸਮੇਤ ਲੱਖਾਂ ਦਾ ਲੈ ਗਏ ਸਮਾਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 6 ਫਰਵਰੀ 2025 - ਪੁਲਿਸ ਜਿਲਾ ਗੁਰਦਾਸਪੁਰ ਵਿੱਚ ਪੁਲਿਸ ਚੋਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਤ ਹੋ ਰਹੀ ਹੈ। ਇੱਥੇ ਨਿਤ ਦਿਨ ਚੋਰੀਆਂ ਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਤਾਜ਼ਾ ਘਟਨਾ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਨਵੇਂ ਬੱਸ ਸਟੈਂਡ ਤੋ ਥੋੜੀ ਦੂਰੀ ਤੇ ਸਥਿਤ ਇੱਕ ਕਾਰਾਂ ਦੀ ਡੈਂਟਿੰਗ ਪੇਂਟਿੰਗ ਵਾਲੀ ਵਰਕਸ਼ਾਪ ਤੇ ਵਾਪਰੀ ਹੈ। ਵਰਕਸ਼ਾਪ ਦੀ ਕੰਧ ਟੱਪ ਕੇ ਦੇਰ ਰਾਤ ਚੋਰ ਵਰਕਸ਼ਾਪ ਦੇ ਅੰਦਰ ਵੜ ਗਏ ਅਤੇ ਡੈਂਟਿੰਗ, ਪੇਂਟਿੰਗ ਵਾਲੇ ਔਜ਼ਾਰ, ਰਿਪੇਅਰ ਲਈ ਆਈਆਂ ਕਾਰਾਂ ਦੀਆਂ ਬੈਟਰੀਆਂ , ਐਕਸਲ ਅਤੇ ਇੱਥੋਂ ਤੱਕ ਕਿ ਟਾਇਰ ਵੀ ਲਾਹ ਕੇ ਲੈ ਗਏ ।
ਹੈਰਾਨੀ ਦੀ ਗੱਲ ਇਹ ਹੈ ਕਿ ਨੈਸ਼ਨਲ ਹਾਈਵੇ ਹੋਣ ਕਰਨ ਇਸ ਰੋਡ ਤੇ 24 ਘੰਟੇ ਆਵਾਜਾਈ ਰਹਿੰਦੀ ਹੈ ਅਤੇ ਨੇੜੇ ਹੀ ਬੱਸ ਸਟੈਂਡ ਤੇ ਵੀ ਦੇਰ ਰਾਤ ਤੱਕ ਪੀਸੀਆਰ ਦੀ ਗਸ਼ਤ ਹੋਣ ਦੇ ਦਾਵੇ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਹਨ ।ਵਰਕਸ਼ਾਪ ਦੇ ਮਾਲਕ ਵਿਜੇ ਕੁਮਾਰ ਅਨੁਸਾਰ ਉਹਨਾਂ ਦਾ ਲੱਖਾ ਦਾ ਨੁਕਸਾਨ ਹੋਇਆ ਹੈ। ਚੋਰੀ ਦੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।
ਗੁਰਦਾਸਪੁਰ ਆਟੋ ਵਰਕਸ ਦੇ ਮਾਲਕ ਵਿਜੇ ਕੁਮਾਰ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਉਹ ਵਰਕਸ਼ਾਪ ਨੂੰ ਤਾਲੇ ਲਗਾ ਕੇ ਚਲੇ ਗਏ ਸਨ । ਸਵੇਰੇ ਜਦੋਂ 9 ਵਜੇ ਦੇ ਕਰੀਬ ਵਰਕਸ਼ਾਪ ਤੇ ਪਹੁੰਚੇ ਤਾਂ ਕੁਝ ਸਮਾਨ ਬਾਹਰ ਪਿਆ ਸੀ । ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਕਈ ਗੱਡੀਆਂ ਦੀਆਂ ਬੈਟਰੀਆਂ ਤੇ ਟਾਇਰ ਤੱਕ ਚੋਰੀ ਹੋ ਚੁੱਕੇ ਸਨ । ਜਦੋਂ ਸਮਾਨ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਵਰਕਸ਼ਾਪ ਤੇ ਚੋਰੀ ਹੋ ਗਈ ਹੈ ਅਤੇ ਚੋਰ ਉਹਨਾਂ ਦੇ ਟੂਲ ਤੱਕ ਚੋਰੀ ਕਰਕੇ ਲੈ ਗਏ ਹਨ। ਵਰਕਸ਼ਾਪ ਮਾਲਕ ਅਨੁਸਾਰ ਲਗਭਗ 3 ਲੱਖ ਰੁਪਏ ਦਾ ਸਮਾਨ ਚੋਰਾ ਵੱਲੋਂ ਚੋਰੀ ਕੀਤਾ ਗਿਆ ਹੈ। ਚੋਰ ਵਰਕਸ਼ਾਪ ਦੀ ਕੰਧ ਟੱਪ ਕੇ ਅੰਦਰ ਵੜੇ ਅਤੇ ਤਸੱਲੀ ਨਾਲ ਚੋਰੀ ਕੀਤੀ ਲੱਗਦੀ ਹੈ। ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।