ਯੂਨਾਈਟਿਡ ਸਿੱਖਜ਼ ਨੇ ਉਦਮੀਆਂ ਅਤੇ ਵਪਾਰੀਆਂ ਨੂੰ ਇੱਕਠੇ ਕਰਨ ਲਈ ਪ੍ਰਾਜੈਕਟ ਸ਼ੁਰੂ ਕੀਤਾ
- ਪ੍ਰੋਗਰਾਮ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਮਦਦਗਾਰ ; ਹੋਰ ਦੇਸ਼ਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ
ਲੁਧਿਆਣਾ 6 ਫ਼ਰਵਰੀ 2025 - ਯੂਨਾਈਟਿਡ ਸਿੱਖਜ਼, ਜੋ ਕਿ ਸੰਯੁਕਤ ਰਾਸ਼ਟਰ ਨਾਲ ਸੰਬੰਧਤ ਇੱਕ ਮਾਨਵਤਾ ਦੀ ਸੇਵਾ ਕਰਨ ਵਾਲੀ ਸੰਸਥਾ ਹੈ, ਨੇ ਵਪਾਰਕ ਨੈੱਟਵਰਕਿੰਗ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਉਦਮੀਆਂ, ਵਪਾਰੀਆਂ ਅਤੇ ਵਪਾਰੀ ਸੰਸਥਾਵਾਂ ਨੂੰ ਇਕੱਠਾ ਕਰਨਾ ਹੈ, ਤਾਂ ਜੋ ਸਮੂਹਕ ਤੌਰ ‘ਤੇ ਖੁਸ਼ਹਾਲੀ, ਵਪਾਰਕ ਵਿਕਾਸ ਅਤੇ ਭਵਿੱਖ ਦੀ ਤਰੱਕੀ ਵੱਲ ਵਧਿਆ ਜਾ ਸਕੇ।
ਇਸ ਪ੍ਰੋਗਰਾਮ ਨੂੰ ‘ ਬਿਜ਼ਨਸ’ ਫਾਰ ਸਿੱਖਜ਼ ਨਾਮ ਦਿੱਤਾ ਗਿਆ ਹੈ। ਇਸ ਤਹਿਤ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਦਰਜਨਾਂ ਉਦਮੀਆਂ ਅਤੇ ਵਪਾਰੀਆਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਯੋਜਨਾ ਦਾ ਮੁੱਖ ਉਦੇਸ਼ ਲੋਕਾਂ ਨੂੰ ਇਕੱਠਾ ਕਰਨਾ, ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ, ਇੱਕ-ਦੂਜੇ ਦੀ ਮਦਦ ਕਰਨੀ ਅਤੇ ਵਪਾਰਾਂ ਨੂੰ ਵਿਕਸਤ ਕਰਕੇ ਆਰਥਿਕ ਤੌਰ ‘ਤੇ ਮਜ਼ਬੂਤੀ ਹਾਸਲ ਕਰਨੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ 6 ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 4 ਲੁਧਿਆਣਾ ‘ਵਿੱਚ ਅਤੇ 2 ਚੰਡੀਗੜ੍ਹ ਵਿੱਚ ਹੋਈਆਂ, ਅਤੇ ਇਹਨਾਂ ਮੀਟਿੰਗਾਂ ਬਹੁਤ ਸਫਲ ਰਹੀਆਂ।
ਇਨ੍ਹਾਂ ਮੀਟਿੰਗਾਂ ਵਿੱਚ ਕਈ ਭਾਗੀਦਾਰਾਂ ਨੂੰ ਨਵੇਂ ਵਪਾਰਕ ਵਿਚਾਰ ਮਿਲੇ, ਜਦੋਂਕਿ ਕਈ ਹੋਰਾਂ ਨੇ ਨਵੇਂ ਸੰਪਰਕ ਬਣਾਕੇ ਆਪਣੇ ਵਪਾਰ ਦਾ ਵਾਧੂ ਕੀਤਾ।
ਅਮ੍ਰਿਤਪਾਲ ਸਿੰਘ ਨੇ ਦੱਸਿਆ ਮੀਟਿਗਾਂ ਦੀ ਕਾਮਯਾਬੀ ਨੂੰ ਵੇਖਦੇ ਹੋਏ, ਇਸ ਪ੍ਰੋਗਰਾਮ ਨੂੰ ਹੁਣ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ – ਖੁੱਲ੍ਹੀਆਂ ਬੈਠਕਾਂ ਅਤੇ ਬੰਦ ਦਰਵਾਜ਼ਿਆਂ ਦੇ ਆਮਨੇ-ਸਾਮਨੇ ਦੀਆਂ ਮੁਲਾਕਾਤਾਂ। “ਬੰਦ ਦਰਵਾਜ਼ਿਆਂ ਦੇ ਤਹਿਤ ਅਸੀਂ ਛੋਟੇ ਸਮੂਹਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਜਦਕਿ ਖੁੱਲ੍ਹੀਆਂ ਬੈਠਕਾਂ ਵਿੱਚ ਵੱਡੀ ਤੇ ਵਿਭਿੰਨ ਕਿਸਮ ਦੀ ਸ਼ਮੂਲੀਅਤ ਹੁੰਦੀ ਹੈ।
ਇਹ ਵਿਚਾਰ ਲੋਕਾਂ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਕੀਤੇ ਜਾ ਰਹੇ ਹਨ। ਯੂਨਾਈਟਿਡ ਸਿੱਖਜ਼ ਹੁਣ ਇਸ ਯੋਜਨਾ ਨੂੰ ਹੋਰ ਹਿੱਸਿਆਂ ਅਤੇ ਵਿਦੇਸ਼ਾਂ ‘ਚ ਵੀ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। ਪਹਿਲੀ ਪੜਾਵ ਦੇ ਤੌਰ ‘ਤੇ, ਇਹ ਪ੍ਰੋਗਰਾਮ ਉੱਤਰੀ ਅਮਰੀਕਾ ‘ਚ ਲਾਗੂ ਕੀਤਾ ਜਾਵੇਗਾ।