ਹਰਿਆਣਾ ਦੇ CM ਨਾਇਬ ਸੈਣੀ ਨੇ ਅਜੈਵੀਰ ਲਾਲਪੁਰਾ ਵਲੋਂ ਤਿਆਰ ਕਰਵਾਈ ਭਾਰਤ ਦੀ ਪਹਿਲੀ ਅਤਿ ਆਧੁਨਿਕ ਸਿਹਤ ਜਾਂਚ ਬੱਸ ਦੀ ਕੀਤੀ ਘੁੰਡ ਚੁਕਾਈ
* ਲਾਲਪੁਰਾ ਵਲੋਂ ਬੱਸ ਦੀਆਂ ਚਾਬੀਆਂ ਵਰਲਡ ਕੈਂਸਰ ਕੇਅਰ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੂੰ ਭੇਂਟ ਕੀਤੀਆਂ
* ਭਾਜਪਾ ਦੀ ਸਰਕਾਰ ਪੰਜਾਬ 'ਚ ਆਉਣ 'ਤੇ ਸਾਰੀਆਂ ਫਸਲਾਂ 'ਤੇ ਐਮਐਸਪੀ ਦੀ ਗਾਰੰਟੀ ਮੇਰੀ–ਸ੍ਰੀ ਨਾਇਬ ਸੈਣੀ
* ਡੂਮੇਵਾਲ ਵਿਖੇ ਤਿਆਰ ਹੋ ਰਿਹਾ ਹਸਪਤਾਲ ਲਾਲਪੁਰਾ ਪਰਿਵਾਰ ਦੀ ਸੇਵਾ ਦਾ ਨਤੀਜਾ–ਡਾਕਟਰ ਕੁਲਵੰਤ ਸਿੰਘ ਧਾਲੀਵਾਲ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 18 ਜਨਵਰੀ 2025: ਅੱਜ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਇਨਸਾਨੀਅਤ ਪਹਿਲਾਂ ਦੇ ਮੁਖੀ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਵਲੋਂ ਤਿਆਰ ਕਰਵਾਈ ਬਹੁ ਕਰੋੜੀ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ ਬੱਸ ਦੀ ਘੁੰਡ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਵਲੋਂ ਕੀਤੀ ਗਈ। ਅੱਜ ਰੂਪਨਗਰ ਇੱਕ ਸੰਮੇਲਨ ਵਿਚ ਪਹੁੰਚੇ ਸ੍ਰੀ ਨਾਇਬ ਸੈਣੀ ਵਲੋਂ ਅਜੈਵੀਰ ਸਿੰਘ ਲਾਲਪੁਰਾ ਦੀ ਬੱਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤੇ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਸ. ਇਕਬਾਲ ਸਿੰਘ ਲਾਲਪੁਰਾ ਅਤੇ ਵਰਲਡ ਕੈਂਸਰ ਕੇਅਰ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਮੌਜੂਦ ਸਨ।
ਘੁੰਡ ਚੁਕਾਈ ਉਪਰੰਤ ਬੱਸ ਦੀਆਂ ਚਾਬੀਆਂ ਅਜੈਵੀਰ ਸਿੰਘ ਲਾਲਪੁਰਾ ਵਲੋਂ ਅਗਾਮੀ ਮੁਫ਼ਤ ਜਾਂਚ ਕੈਂਪਾਂ ਲਈ ਵਰਲਡ ਕੈਂਸਰ ਕੇਅਰ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੂੰ ਭੇਂਟ ਕਰ ਦਿੱਤੀਆਂ ਗਈਆਂ। ਇਸ ਮੌਕੇ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਿਆਸਤਦਾਨ ਵਲੋਂ ਆਪਣੀ ਕਿਰਤ ਕਮਾਈ ਵਿਚੋਂ ਇੰਨੀ ਵੱਡੀ ਸੇਵਾ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਅਜੈਵੀਰ ਸਿੰਘ ਲਾਲਪੁਰਾ ਜਿਹੇ ਨੌਜਵਾਨ ਆਗੂ ਹੀ ਪੰਜਾਬ ਦਾ ਅਸਲੀ ਭਵਿੱਖ ਹਨ, ਜੋ ਨਿਸਵਾਰਥ ਸਮਾਜ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਅਤੇ ਆਮ ਜਨ ਲਈ ਜੋ ਕੰਮ ਕੀਤਾ ਹੈ ਉਸੇ ਦਾ ਨਤੀਜਾ ਹੈ ਕਿ ਪ੍ਰਦੇਸ਼ ਵਿਚ ਭਾਜਪਾ ਤੀਸਰੀ ਵਾਰ ਅਤੇ ਸ੍ਰੀ ਸੈਣੀ ਨੂੰ ਲੋਕਾਂ ਵਲੋਂ ਦੂਸਰੀ ਵਾਰ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਵਿਚ 2027 'ਚ ਭਾਜਪਾ ਦੀ ਸਰਕਾਰ ਹੋਂਦ ਵਿਚ ਆਉਂਦੀ ਹੈ ਤਾਂ ਐਮਐਸਪੀ ਦੀ ਗਰੰਟੀ ਪੂਰੀ ਕਰਵਾਉਣ ਦੀ ਜੁੰਮੇਵਾਰੀ ਉਨ੍ਹਾਂ ਦੀ ਹੈ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਨਾਇਬ ਸਿੰਘ ਸੈਣੀ ਦਾ ਰੂਪਨਗਰ ਪਹੁੰਚਣ 'ਤੇ ਧੰਨਵਾਦ ਕੀਤਾ। ਵਰਲਡ ਕੈਂਸਰ ਕੇਅਰ ਦੇ ਮੁਖੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਜੋ ਉਨ੍ਹਾਂ ਨੂੰ ਅਜੈਵੀਰ ਸਿੰਘ ਲਾਲਪੁਰਾ ਦਾ ਸਾਥ ਮਿਲਿਆ ਅਤੇ ਕਿਹਾ ਕਿ ਇਸ ਬੱਸ ਨਾਲ ਵਰਲਡ ਕੈਂਸਰ ਕੇਅਰ ਦੇ ਕੈਂਪਾਂ ਦੀ ਰਫ਼ਤਾਰ ਦੁੱਗਣੀ ਹੋ ਜਾਵੇਗੀ ਤੇ ਹੁਣ ਪੰਜਾਬ ਵਿਚ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਨ ਵਿਚ ਆਸਾਨੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਮਾਜ ਵਿਚ ਵੱਡੇ ਤੋਂ ਵੱਡੇ ਸਮਾਜ ਸੇਵੀ ਦੇਖੇ ਹਨ ਪਰ ਅਜੈਵੀਰ ਸਿੰਘ ਲਾਲਪੁਰਾ ਜਿਹਾ ਨੌਜਵਾਨ ਪਹਿਲੀ ਵਾਰ ਵੇਖਿਆ ਜੋ ਨਾ ਕੇਵਲ ਹਰ ਮਹੀਨੇ ਲੱਖਾਂ ਦੇ ਬਜਟ ਵਾਲੇ ਮੁਫ਼ਤ ਜਾਂਚ ਕੈਂਪ, ਅਤੇ ਹੋਰ ਸਮਾਜ ਸੇਵੀ ਕਾਰਜ ਕਰਦਾ ਹੈ ਬਲਕਿ ਹੁਣ ਲਾਲਪੁਰਾ ਵਲੋਂ ਭੇਂਟ ਕੀਤੀ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਕਰਵਾਈ ਬੱਸ ਦੀ ਸੇਵਾ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜੈਵੀਰ ਸਿੰਘ ਲਾਲਪੁਰਾ ਵਰਲਡ ਕੈਂਸਰ ਕੇਅਰ ਦੇ ਭਾਰਤ ਡਾਇਰੈਕਟਰ ਵੀ ਹਨ ਤੇ ਉਨ੍ਹਾਂ ਦੀ ਸੇਵਾ ਤੇ ਸਹਿਯੋਗ ਸਦਕਾ ਹੀ ਡੂਮੇਵਾਲ ਦਾ ਨਿਰਮਾਣ ਕਾਰਜ ਜਾਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਇਹ ਹਸਪਤਾਲ ਹੋਂਦ ਵਿਚ ਆ ਜਾਵੇਗਾ ਜੋ ਲਾਲਪੁਰਾ ਪਰਿਵਾਰ ਦੀ ਇਲਾਕੇ ਨੂੰ ਸਭ ਤੋਂ ਵੱਡੀ ਦੇਣ ਹੋਵੇਗੀ।
ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਸਿੰਘ ਸੈਣੀ, ਜਸਵਿੰਦਰ ਸਿੰਘ ਢਿੱਲੋਂ ਸਾਬਕਾ ਵਾਇਸ ਚਾਂਸਲਰ, ਪਰਮਜੀਤ ਸਿੰਘ ਰੌਲੂਮਾਜਰਾ, ਕੇਸਰ ਸਿੰਘ ਮੂਸਾਪੁਰ, ਅਮਰਜੀਤ ਸਿੰਘ ਸੈਣੀ, ਰਾਮ ਸਿੰਘ ਸੈਣੀ, ਸੰਤੋਸ਼ ਸੈਣੀ, ਗੁਰਿੰਦਰ ਸਿੰਘ, ਅਵਨੀਤ ਸਿੰਘ ਚੌਧਰੀ, ਅਮਨ ਕਾਬੜਵਾਲ ਐਡਵੋਕੇਟ, ਸੁਖਵੀਰ ਸਿੰਘ ਤੰਬੜ, ਰਮਨ ਜਿੰਦਲ, ਵਿਸ਼ਨੂੰ ਭਟਨਾਗਰ, ਆਸ਼ਾ ਰਾਣਾ, ਰਾਣਾ ਰਾਜ ਕੁਮਾਰ ਆਦਿ ਸਹਿਤ ਵੱਡੀ ਗਿਣਤੀ ਸ਼ਖ਼ਸੀਅਤਾਂ ਹਾਜ਼ਰ ਸਨ।