ਫ਼ਤਹਿਗੜ੍ਹ ਸਾਹਿਬ: ਸੇਵਾ ਕੇਂਦਰ ਵਿੱਚ ਅਸਤ੍ਰ-ਮੁਕਤ ਖੇਤਰ, ਈ-ਸ਼੍ਰਮ ਤੇ ਸਟੈਂਪ ਵੈਂਡਰ ਲਾਇਸੈਂਸ ਸਬੰਧੀ ਸੇਵਾਵਾਂ ਸ਼ੁਰੂ - DC
ਦੀਦਾਰ ਗੁਰਨਾ
- ਜ਼ਿਲ੍ਹੇ ਦੇ ਨਾਗਰਿਕਾਂ ਨੂੰ ਸੇਵਾਵਾਂ ਦਾ ਲਾਭ ਲੈਣ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 18 ਜਨਵਰੀ 2025 - ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ, ਡਾ. ਸੋਨਾ ਥਿੰਦ ਨੇ ਦੱਸਿਆ ਕਿ ਨਾਗਰਿਕਾਂ ਲਈ ਸਹੂਲਤਾਂ ਅਤੇ ਸੁਰੱਖਿਆ ਵਿੱਚ ਇਜ਼ਾਫਾ ਕਰਨ ਲਈ ਸੇਵਾ ਕੇਂਦਰਾਂ ਵਿੱਚ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਅਸਤ੍ਰ-ਮੁਕਤ ਖੇਤਰ ਨਾਂ ਦੀ ਸੇਵਾ ਤਹਿਤ ਅਸਤ੍ਰ-ਮੁਕਤ ਖੇਤਰ ਨਿਰਧਾਰਿਤ ਖੇਤਰਾਂ (ਪੂਜਾ ਸਥਾਨ, ਮੈਰਿਜ ਪੈਲੇਸ, ਹੋਟਲ, ਗੈਸਟ ਹਾਊਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਅਤੇ ਹੋਰ) ਵਿੱਚ ਕਿਸੇ ਨੂੰ ਵੀ ਹਥਿਆਰ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ, ਜੋ ਸਭ ਲਈ ਇੱਕ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰੇਗਾ। ਅਸਲਾਧਾਰਕ ਮੁਕਤ ਖੇਤਰ ਲਈ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ, ਜਿਸ ਮੁਤਾਬਕ ਸਬੰਧਤ ਥਾਂ ਵਿਖੇ ਕੋਈ ਵੀ ਅਸਲੇ ਦੀ ਵਰਤੋਂ ਨਹੀਂ ਕਰ ਸਕੇਗਾ ਤੇ ਨਾਂ ਹੀ ਅਸਲਾ ਲੈ ਕੇ ਜਾ ਸਕੇਗਾ। ਇਹ ਸਰਟੀਫ਼ਿਕੇਟ ਲਈ ਸੇਵਾ ਕੇਂਦਰਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ।
ਦੂਜੀ ਸੇਵਾ ਈ-ਸ਼੍ਰਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰ ਵਿੱਚ ਹੁਣ ਈ-ਸ਼੍ਰਮ ਸੇਵਾ ਚੱਲ ਰਹੀ ਹੈ, ਜਿਸ ਵਿੱਚ ਵਿਅਕਤੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ। ਇਸ ਸਰਵਿਸ ਲਈ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈ, ਪਰ ਇਸ ਸਰਵਿਸ ਲਈ ਬਿਨੈਕਾਰ ਦਾ ਕਿਸੇ ਵੀ ਤਰ੍ਹਾਂ ਦਾ ਫੰਡ, ਸਰਕਾਰੀ ਜਾਂ ਗੈਰ ਸਰਕਾਰੀ, ਨਾ ਕਟਦਾ ਹੋਵੇ।
ਤੀਜੀ ਸੇਵਾ ਤਹਿਤ ਜੇਕਰ ਕੋਈ ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਇਸ ਸਬੰਧੀ ਲਾਇਸੈਂਸ ਲੈਣ ਅਤੇ ਲਾਇਸੈਂਸ ਨਵਿਆਉਣ ਲਈ ਵੀ ਸੇਵਾ ਕੇਂਦਰਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ।