ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਬਲਾਕ ਪੱਧਰੀ ਲੋਹੜੀ ਦਾ ਸਮਾਗਮ ਕਰਵਾਇਆ ਗਿਆ
- ਵਿਧਾਇਕ ਬੱਲੂਆਣਾ ਅਤੇ ਡਿਪਟੀ ਕਮਿਸ਼ਨਰ ਨੇ 31 ਨਵਜੰਮੀਆਂ ਬੱਚੀਆਂ ਦੇ ਮਾਤਾ ਪਿਤਾ ਨੂੰ ਬੇਬੀ ਕੇਅਰ ਕਿਟਸ ਬੇਬੀ ਬਲੈਂਕਿੱਟਸ ਵੰਡੀਆਂ
- ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ- ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ
- ਪਿੰਡ ਚੂਹੜੀ ਵਾਲਾ ਧੰਨਾ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਵਾ 2 ਕਰੋੜ ਰੁਪਏ ਕੀਤੇ ਜਾਰੀ
ਫਾਜ਼ਿਲਕਾ 15 ਜਨਵਰੀ 2025.....ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਹਲਕਾ ਬੱਲੂਆਣਾ ਦੇ ਪਿੰਡ ਚੂਹੜੀ ਵਾਲਾ ਧੰਨਾ ਵਿਖੇ ਨਵਜੰਮੀਆਂ ਬੱਚੀਆਂ ਲਈ ਲੋਹੜੀ ਦਾ ਬਲਾਕ ਪੱਧਰੀ ਸਮਾਗਮ ਧੂਮ-ਧੜੱਕੇ ਨਾਲ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ!
ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਸਮੂਹ ਹਾਜ਼ਰੀਨ ਨੂੰ ਲੋਹੜੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਲੜਕੀਆਂ ਉੱਚ ਉੱਚ ਅਹੁਦਿਆਂ ਤੇ ਤੈਨਾਤ ਹਨ ਤੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸੀਡੀਪੀਓ ਵੀ ਲੜਕੀਆਂ ਹੀ ਹਨ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਪਿੰਡ ਚੂਹੜੀ ਵਾਲਾ ਧੰਨਾਂ ਦੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਲਈ ਪੈਸਿਆਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾ ਰਹੀ ਹੈ! ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਪਿੰਡ ਦੇ ਪੱਕੇ ਖਾਲਿਆਂ ਲਈ 3 ਕਰੋੜ ਰੁਪਏ ਆਏ ਹਨ! ਉਹਨਾਂ ਕਿਹਾ ਕਿ 100 ਕਰੋੜ ਰੁਪਏ ਬੱਲੂਆਣਾ ਹਲਕੇ ਦੇ ਸਕੂਲਾਂ ਦੇ ਨਵੀਨੀਕਰਨ ਤੇ ਮੁਰੰਮਤ ਲਈ ਆਏ ਹਨ ਤੇ ਪਿਛਲੇ ਸਾਲ 50 ਕਰੋੜ ਰੁਪਏ ਆਏ ਸਨ । ਉਹਨਾਂ ਕਿਹਾ ਕਿ ਇਸ ਸਾਲ 100 ਕਰੋੜ ਰੁਪਏ ਵਿੱਚੋਂ ਤੁਹਾਡੇ ਪਿੰਡ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਸਵਾ 2 ਕਰੋੜ ਰੁਪਏ ਆਏ ਹਨ। ਉਹਨਾਂ ਕਿਹਾ ਕਿ ਤੁਹਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਲਈ 99 ਲੱਖ 63 ਹਜ਼ਾਰ ਰੁਪਏ ਤੇ 1 ਕਰੋੜ 21 ਲੱਖ 85 ਹਜ਼ਾਰ ਰੁਪਏ ਸੀਨੀਅਰ ਸੈਕੰਡਰੀ ਸਕੂਲ ਲਈ ਆਏ ਹਨ!
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆ ਰਹੀ ਹੈ! ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਮਤਾ ਪਾ ਕੇ ਭੇਜੇ ਤਾਂ ਜੋ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪੰਚਾਇਤੀ ਜਮੀਨ ਦੀ ਖਰੀਦ ਲਈ ਹੋਰ ਫੰਡ ਦੀ ਮੰਗ ਕੀਤੀ ਜਾਵੇ! ਉਹਨਾਂ ਕਿਹਾ ਕਿ ਪਿੰਡ ਵਿੱਚ ਪੰਚਾਇਤੀ ਜਮੀਨ ਖਰੀਦ ਕੇ ਉੱਥੇ ਖੇਡ ਸਟੇਡੀਅਮ ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਆਕਰਸ਼ਿਤ ਹੋ ਸਕਣ! ਪਿੰਡ ਵਾਸੀਆਂ ਵੱਲੋਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਅਪਗ੍ਰੇਡ ਕਰਕੇ ਲੜਕੀਆਂ ਲਈ ਮੈਡੀਕਲ ਅਤੇ ਨਾਨ ਮੈਡੀਕਲ ਕਲਾਸਾਂ ਦੀ ਮੰਗ ਤੇ ਬੋਲਦਿਆਂ ਕਿਹਾ ਕਿ ਇਸ ਕੰਮ ਤੇ ਵੀ ਜਲਦੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੇ ਪੰਜਾਬ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ 3700 ਬੱਚੇ ਬੱਲੂਆਣੇ ਹਲਕੇ ਦੇ ਨੌਕਰੀਆਂ ਤੇ ਲੱਗੇ ਹਨ ਤੇ ਜਿਨਾਂ ਵਿੱਚੋਂ 150 ਬੱਚੇ ਪਿੰਡ ਚੂਹੜੀ ਵਾਲਾ ਧੰਨਾ ਦੇ ਹਨ! ਉਹਨਾਂ ਕਿਹਾ ਕਿ ਪਿੰਡ ਵਿੱਚ ਬੱਚਿਆਂ ਦੇ ਲਈ ਜਲਦ ਹੀ ਲਾਈਬਰੇਰੀ ਅਤੇ ਜਿੰਮ ਵੀ ਸਥਾਪਿਤ ਕੀਤੇ ਜਾਣਗੇ!
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਨਵਜੰਮੀਆਂ ਬੱਚੀਆਂ ਦੇ ਮਾਪਿਆਂ ਤੇ ਪਿੰਡ ਦੇ ਲੋਕਾਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਲੜਕੇ-ਲੜਕੀਆਂ ਦੀ ਬਰਾਬਰਤਾ ਦਾ ਸੰਦੇਸ ਦਿੱਤਾ ਗਿਆ। ਉਹਨਾਂ ਕਿਹਾ ਕਿ ਅੱਜ ਇੱਥੇ ਇੱਕ ਥਾਂ ਤੇ ਇਕੱਤਰ ਹੋਏ ਪਿੰਡ ਦੇ ਲੋਕ ਪਿੰਡਾਂ ਦੀ ਸਾਂਝ ਤੇ ਸੱਭਿਆਚਾਰਕ ਦੀ ਬਾਖੂਬੀ ਝਲਕ ਉਨ੍ਹਾਂ ਨੂੰ ਦੇਖਣ ਨੂੰ ਮਿਲੀ ਹੈ। ਉਹਨਾਂ ਕਿਹਾ ਕਿ ਪਿੰਡ ਦੇ ਵਿਕਾਸ ਅਤੇ ਪਿੰਡ ਵਿੱਚ ਸੋਲਰ ਲਾਈਟਾਂ ਲਗਾਉਣ ਵਿੱਚ ਜਿਲ੍ਹਾ ਪ੍ਰਸਾਸ਼ਨ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ! ਉਹਨਾਂ ਕਿਹਾ ਕਿ ਨੌਜਵਾਨ ਬੱਚਿਆਂ ਤੇ ਪੜ੍ਹਨ ਲਈ ਪਿੰਡ ਵਿੱਚ ਲਾਈਬ੍ਰੇਰੀ ਸਥਾਪਿਤ ਕਰਨ ਲਈ ਅਸਟੀਮੇਟ ਤਿਆਰ ਕੀਤਾ ਜਾਵੇਗਾ ਤੇ ਲਾਈਬਰੇਰੀ ਬਣਾਉਣ ਲਈ ਪਿੰਡ ਵਿੱਚ ਢੁਕਵੀ ਥਾਂ ਵੀ ਦੇਖੀ ਜਾਵੇਗੀ। ਇਸ ਉਪਰੰਤ ਵਿਧਾਇਕ ਬੱਲੂਆਣਾ ਅਤੇ ਡਿਪਟੀ ਕਮਿਸ਼ਨਰ ਨੇ ਲੋਹੜੀ ਬਾਲੀ ਤੇ 31 ਨਵਜੰਮੀਆਂ ਬੱਚੀਆਂ ਦੇ ਮਾਤਾ ਪਿਤਾ ਨੂੰ ਬੇਬੀ ਕੇਅਰ ਕਿਟਸ ਬੇਬੀ ਬਲੈਂਕਿੱਟਸ ਵੀ ਵੰਡੀਆਂ!
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਨਵਦੀਪ ਕੌਰ, ਸਰਪੰਚ ਧਨੀ ਦੇਵੀ, ਪਵਨ ਕੁਮਾਰ, ਆਪ ਆਗੂ ਜੋਤੀ ਪ੍ਰਕਾਸ਼, ਜਗਦੀਸ਼ ਕੁਮਾਰ ਬਲਾਕ ਪ੍ਰਧਾਨ ਖੁਈਆਂ ਸਰਵਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।