ਹਰਿਆਣਾ: ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਚਾਰ ਅਫਸਰਾਂ ਨੂੰ ਮੁਅਤੱਲ ਕਰਨ ਦੇ ਹੁਕਮ
- ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਦਾ ਹਿਸਾਰ ਦੇ ਉਕਲਾਨਾ ਗੋਦਾਮ 'ਤੇ ਛਾਪਾ, ਟਰੱਕ ਅਤੇ ਗੋਦਾਮ ਵਿਚ ਮਿਲੇ ਗਿੱਲੇ ਕਣਕ ਦੇ ਕੱਟੇ
- ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਚਾਰ ਅਫਸਰਾਂ ਨੂੰ ਮੁਅਤੱਲ ਕਰਨ ਦੇ ਆਦੇਸ਼, ਰਾਜ ਮੰਤਰੀ ਰਾਜੇਸ਼ ਨਾਗਰ ਦੀ ਵੱਡੀ ਕਾਰਵਾਈ
- ਫੂਡ ਐਂਡ ਸਪਲਾਈ ਇੰਸਪੈਕਟਰ ਵਿਕਾਸ ਕੁਮਾਰ ਦੇ ਖਿਲਾਫ ਐਫਆਈਆਰ ਦਰਜ
ਚੰਡੀਗੜ੍ਹ, 26 ਦਸੰਬਰ 2024 - ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅੱਜ ਜਿਲ੍ਹਾ ਹਿਸਾਰ ਦੇ ਉਕਲਾਨਾ ਸਥਿਤ ਗੋਦਾਮ 'ਤੇ ਛਾਪਾ ਮਾਰਿਆ। ਕਣਕ ਦੇ ਕੱਟੇ ਗਿੱਲੇ ਹੋਣ 'ਤੇ ਉਨ੍ਹਾਂ ਨੇ ਸਖਤ ਕਾਰਵਾਈ ਕਰਦੇ ਹੋਏ ਗੋਦਾਮ ਦੇ ਇੰਚਾਰਜ ਫੂਡ ਐਂਡ ਸਪਲਾਈ ਇੰਸਪੈਕਟਰ ਵਿਕਾਸ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਨੇ ਜਿਲ੍ਹਾ ਖੁਰਾਕ ਅਤੇ ਸਪਲਾਈ ਅਫਸਰ ਅਮਿਤ ਕੁਮਾਰ, ਫੂਡ ਇੰਸਪੈਕਟਰ ਵਿਕਾਸ ਕੁਮਾਰ, ਅਸਿਸਟੈਂਟ ਫੂਡ ਐਂਡ ਸਪਲਾਈ ਅਫਸਰ ਸੰਦੀਪ ਸਿੰਘ ਅਤੇ ਸਬ-ਇੰਸਪੈਕਟਰ ਫੂਡ ਐਂਡ ਸਪਲਾਈ ਸਚਿਨ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕਰਨ ਦੇ ਆਦੇਸ਼ ਦਿੱਤੇ।
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਅੱਜ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਉਕਲਾਨਾ ਸਥਿਤ ਗੋਦਾਮ ਦਾ ਅਚਾਨਕ ਨਿਰੀਖਚਣ ਕਰਨ ਲਈ ਪਹੁੰਚੇ। ਜਾਂਚ ਪੜਤਾਲ ਕਰਨ 'ਤੇ ਉਨ੍ਹਾਂ ਨੇ ਪਾਇਆ ਕਿ ਟਰੱਕ ਵਿਚ ਪਏ ਕਣਕ ਦੇ ਕੱਟੇ ਗਿੱਲੇ ਹਨ। ਇਸ ਦੇ ਬਾਅਦ ਉਹ ਗੋਦਾਮ ਦਾ ਨਿਰੀਖਣ ਕਰਨ ਅੰਦਰ ਗਏ ਤਾਂ ਉੱਥੇ ਵੀ ਕਣਕ ਦੇ ਕੱਟਿਆਂ ਵਿਚ ਪਾਣੀ ਵਾਲੀ ਗਿੱਲੀ ਕਣਕ ਸਟੋਰ ਕੀਤੀ ਹੋਈ ਸੀ। ਇਸ 'ਤੇ ਰਾਜ ਮੰਤਰੀ ਨੇ ਗੋਦਾਮ ਇੰਚਾਰਜ ਫੂਡ ਐਂਡ ਸਪਲਾਈ ਇੰਸਪੈਕਟਰ ਵਿਕਾਸ ਕੁਮਾਰ ਤੋਂ ਫੋਨ 'ਤੇ ਗੱਲ ਕੀਤੀ। ਇੰਸਪੈਕਟਰ ਨੇ ਆਪਣੇ ਕੁਰੂਕਸ਼ੇਤਰ ਵਿਚ ਹੋਣ ਦੀ ਗੱਲ ਕਹੀ ਤਾਂ ਮੰਤਰੀ ਸ੍ਰੀ ਨਾਗਰ ਨੇ ਉਸ ਤੋਂ ਫੋਨ 'ਤੇ ਆਪਣੇ ਕਰੰਟ ਲੋਕੇਸ਼ਨ ਭੇਜਣ ਨੂੰ ਕਿਹਾ। ਇਸ 'ਤੇ ਵਿਕਾਸ ਕੁਮਾਰ ਆਪਣੀ ਲੋਕੇਸ਼ਨ ਨਹੀਂ ਭੇਜ ਪਾਇਆ ਅਤੇ ਦੱਸ ਮਿੰਟ ਵਿਚ ਖੁਦ ਹੀ ਮੌਕੇ 'ਤੇ ਆ ਪੁੱਜਿਆ।
ਖੁਰਾਕ ਅਤੇ ਸਪਲਾਈ ਮੰਤਰੀ ਨੇ ਤੁਰੰਤ ਫੂਡ ਇੰਸਪੈਕਟਰ ਵਿਕਾਸ ਕੁਮਾਰ 'ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਗੋਦਾਮ ਵਿਚ ਹੋਰ ਵੀ ਅਨੇਕ ਖਾਮੀਆਂ ਪਾਈਆਂ ਗਈਆਂ। ਇਸ ਬਾਰੇ ਵਿਚ ਰਾਜ ਮੰਤਰੀ ਦੇ ਕੋਲ ਕਾਫੀ ਸਮੇਂ ਤੋਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਰਾਜ ਮੰਤਰੀ ਸ੍ਰੀ ਰਾਜਸ਼ ਨਾਗਰ ਨੇ ਕਿਹਾ ਕਿ ਵਿਭਾਗ ਵਿਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਜਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਅਜਿਹਾ ਕੋਈ ਮਾਮਲਾ ਪਾਇਆ ਜਾਂਦਾ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।