ਐੱਨ.ਐੱਸ.ਐੱਸ. ਕੈਂਪ ਦੌਰਾਨ ਵਲੰਟੀਅਰਾਂ ਨੂੰ ਕੁਦਰਤੀ ਆਫਤਾਂ ਸਬੰਧੀ ਕੀਤਾ ਜਾਗਰੂਕ
- ਵਲੰਟੀਅਰਾਂ ਨੇ ਵੀਰ ਬਾਲ ਦਿਵਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਬੰਧੀ ਪੇਸ਼ ਕੀਤੀਆਂ ਕਵਿਤਾਵਾਂ
ਰੂਪਨਗਰ, 26 ਦਸੰਬਰ 2024: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਕੌਮੀ ਸੇਵਾ ਯੋਜਨਾ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕਾਲਜ ਰੋਪੜ ਵਿਖੇ ਲਗਾਏ ਜਾ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੌਰਾਨ ਵਲੰਟੀਅਰਾਂ ਨੂੰ ਕੁਦਰਤੀ ਆਫਤਾਂ ਸਬੰਧੀ ਜਾਗਰੂਕ ਕੀਤਾ ਗਿਆ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਬਾਲ ਵੀਰ ਦਿਵਸ ਮੌਕੇ ਵਲੰਟੀਅਰਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬਹਾਦਰੀ ਨੂੰ ਯਾਦ ਕਰਦਿਆਂ ਉਨਾਂ ਦੇ ਬਲੀਦਾਨ ਤੋਂ ਪ੍ਰੇਰਿਤ ਹੋਣ ਦਾ ਸੰਦੇਸ਼ ਦਿੱਤਾ।
ਮੁੱਖ ਵਕਤਾ ਸ਼੍ਰੀ ਕਾਕਾ ਰਾਮ ਵਰਮਾ ਨੇ ਵਲੰਟੀਅਰਾਂ ਨੂੰ ਕੁਦਰਤੀ ਆਫਤਾਂ ਜਿਵੇਂ ਭੁਚਾਲ, ਅੱਗ ਲੱਗਣਾ ਅਤੇ ਹੋਰ ਹਾਦਸਿਆਂ ਦੌਰਾਨ ਜਾਨਾਂ ਅਤੇ ਜਾਇਦਾਦ ਦੀ ਰੱਖਿਆ ਲਈ ਜਰੂਰੀ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੁਰਘਟਨਾਵਾਂ ਦੌਰਾਨ ਸਹਾਇਤਾ ਪ੍ਰਦਾਨ ਕਰਨ ਅਤੇ ਸਮਾਜਿਕ ਸਹਿਯੋਗ ਦੇ ਮਹੱਤਵ ਨੂੰ ਉਜਾਗਰ ਕੀਤਾ।
ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰਪ੍ਰੀਤ ਕੌਰ ਅਤੇ ਸਿਮਰਨ ਕੌਰ ਨੇ ਧਾਰਮਿਕ ਸ਼ਬਦ ਪੇਸ਼ ਕੀਤਾ। ਤ੍ਰਿਅੰਬਿਕਾ, ਦੀਪ ਸ਼ਿਖਾ,ਸਿਮਨਜੀਤ ਕੌਰ ਅਤੇ ਪਵਨਪ੍ਰੀਤ ਕੌਰ ਨੇ ਧਾਰਮਿਕ ਕਵਿਤਾਵਾਂ ਵੀ ਪੇਸ਼ ਕੀਤੀਆਂ। ਆਂਚਲ ਨੇ ਸਾਹਿਬਜ਼ਾਦਿਆਂ ਦੇ ਬਲੀਦਾਨ ਅਤੇ ਸ਼ਹਾਦਤ ਵਿਸ਼ੇ 'ਤੇ ਭਾਸ਼ਣ ਦਿੱਤਾ।
ਮੰਚ ਸੰਚਾਲਨ ਵਲੰਟੀਅਰ ਮਨਪ੍ਰੀਤ ਕੌਰ ਅਤੇ ਸਿਮਰਨ ਕੌਰ ਨੇ ਸੁਚੱਜੇ ਢੰਗ ਨਾਲ ਕੀਤਾ। ਪ੍ਰੋਗਰਾਮ ਅਫਸਰ ਪ੍ਰੋ. ਕੁਲਦੀਪ ਕੌਰ ਅਤੇ ਪ੍ਰੋ.ਰਵਨੀਤ ਕੌਰ ਨੇ ਵਲੰਟੀਅਰਾਂ ਨੂੰ ਅਭਿਆਸ ਦੇ ਰੂਪ ਵਿੱਚ ਕੁਝ ਮੁੱਖ ਹਾਦਸਿਆਂ ਦੇ ਹੱਲ ਲਈ ਟੀਮ ਵਰਕ ਕਰਵਾਇਆ।ਪ੍ਰੋ. ਮਨਪ੍ਰੀਤ ਸਿੰਘ ਪ੍ਰੋ. ਜਗਜੀਤ ਸਿੰਘ ਅਤੇ ਪ੍ਰੋ. ਚੰਦਰਗੁਪਤ ਜੀ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਪ੍ਰੋਜੈਕਟ ਵਰਕ ਕੀਤਾ ।
ਇਸ ਮੌਕੇ ਪ੍ਰੋਗਰਾਮ ਅਫਸਰ ਪ੍ਰੋ. ਗੁਰਪ੍ਰੀਤ ਕੌਰ ਪ੍ਰੋ. ਲਵਲੀਨ ਵਰਮਾ, ਡਾ. ਮਨਦੀਪ ਕੌਰ, ਪ੍ਰੋ ਮਨਪ੍ਰੀਤ ਕੌਰ,ਪ੍ਰੋ ਤਰਨਜੋਤ ਕੌਰ, ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ ਬਰਾੜ ਡਾ. ਦਲਵਿੰਦਰ ਸਿੰਘ, ਡਾ.ਜਤਿੰਦਰ ਕੁਮਾਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।