ਜਮਹੂਰੀ ਅਧਿਕਾਰ ਸਭਾ ਵੱਲੋਂ ਲੋਕ ਪੱਖੀ ਆਗੂਆਂ ਦੇ ਘਰੀਂ ਐਨਆਈਏ ਦੇ ਛਾਪੇ ਬੰਦ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 21ਦਸੰਬਰ 2024: ਜਨਤਕ ਜਮਹੂਰੀ ਮਜਦੂਰ ਵਿਦਿਆਰਥੀਆਂ ਜਥੇਬੰਦੀਆਂ ਚ ਕੰਮ ਕਰਦੇ ਕਾਰਕੁਨਾ ਉਪਰ ਦਦਰੋੜ (ਪਟਿਆਲਾ) ਗੰਧੜ (ਮੁਕਤਸਰ ਸਾਹਿਬ) ਅਤੇ ਮਾਨੇਸਰ (ਹਰਿਆਣਾ) ਵਿੱਚ ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ(ਐਨਆਈਏ) ਵੱਲੋਂ ਛਾਪੇ ਮਾਰੀ ਕਰਕੇ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੂੰ ਦਹਿਸ਼ਤਜਦਾ ਕਰਨਾ ਹੈ। ਇਸ ਸਬੰਧੀ ਨਿੰਦਾ ਬਿਆਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ, ਸੂਬਾ ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸਾਸ਼ਤਰੀ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਦੇ ਪਿੰਡ ਦਦਰੋੜ ਦੇ ਵਾਸੀ ਸਾਬਕਾ ਐਸਐਫਐਸ ਦੇ ਪ੍ਰਧਾਨ ਦਮਨਪ੍ਰੀਤ ਸਿੰਘ ਦੇ ਘਰ ਐਨਆਈਏ ਨੇ ਛਾਪਾ ਮਾਰਿਆ ਅਤੇ ਘਰ ਉਸਦੇ ਮਾਤਾਪਿਤਾ ਦੇ ਵੀ ਫੋਨ ਹੱਥ ਲੈਕੇ ਘਰ ਦੀ ਤਾਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪਿੰਡ ਦੇ ਆਲੇ ਦੁਆਲੇ ਪੁਲਸ ਤਾਇਨਾਤ ਕਰ ਦਿੱਤੀ ਇਹ ਛਾਪਾ ਦਸ ਵਜੇ ਤੱਕ ਜਾਰੀ ਰਿਹਾ।
ਆਗੂਆਂ ਨੇ ਦੱਸਿਆ ਕਿ ਛਾਪਾ ਮਾਰਨ ਵਾਲੀ ਟੀਮ ਦਮਨਪ੍ਰੀਤ ਦੇ ਦੋ ਫੋਨ, ਲੈਪਟਾਪ, ਪੈਨਡਰਾਈਵ ਅਤੇ ਬੈਂਕ ਦੀ ਕਾਪੀਆਂ ਨਾਲ ਲੈ ਗਈ। ਛਾਪੇ ਦਾ ਪਤਾ ਲਗਦਿਆਂ ਸਭਾ ਦੀ ਸੂਬਾ ਪੱਧਰੀ ਟੀਮ ਪ੍ਰੋਫੈਸਰ ਬਾਵਾ ਸਿੰਘ, ਡਾਕਟਰ ਬਲਜਿੰਦਰ ਸਿੰਘ ਸੋਹਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ, ਵਿੱਤ ਸਕੱਤਰ ਤਰਸੇਮ ਲਾਲ, ਅਤੇ ਮਾਸਟਰ ਸੁੱਚਾ ਸਿੰਘ , ਐਡਵੋਕੇਟ ਰਾਜੀਵ ਲੋਹਟਬੱਦੀ ਅਗਵਾਈ ਹੇਠ ਪਿੰਡ ਪੁੱਜੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸਭਾ ਦੀ ਟੀਮ ਵੱਲੋਂ ਨੋਟ ਕੀਤਾ ਗਿਆ ਕਿ ਆਈ ਐਨ ਏ ਦੀ ਟੀਮ ਕੋਲ ਕੋਈ ਸਰਚ ਵਾਰੰਟ ਨਹੀਂ ਸਨ ਅਤੇ ਕਨੂੰਨ ਅਨੁਸਾਰ ਪੀੜਤ ਪਰਿਵਾਰਾਂ ਨੂੰ ਕੋਈ ਕਾਨੂੰਨੀ ਸਹਾਇਤਾ ਵੀ ਨਹੀਂ ਲੈਣ ਦਿੱਤੀ। ਇਸੇ ਵਕਤ ਗੰਧੜ ਪਿੰਡ ਵਿੱਚ ਕਾਰਕੁਨ ਰਾਜਵੀਰ ਕੌਰ (ਫੌਰਮ ਅਗੈਨਸਟ ਕਾਰਪੋਰੇਟਾਈਜੇਸ਼ਨ ਐਂਡ ਮਿਲੀਟਰਾਈਜੇਸ਼ਨ ਤੇ ਕਲਾਮ ਕਲਾ ਸੰਗਰਾਮ), ਨੌਦੀਪ ਕੌਰ ਮਜਦੂਰ ਅਧਿਕਾਰ ਸੰਗਠਨ, ਹਰਵੀਰ ਕੌਰ (ਪੀਐਸਯੂ) , ਸਵਰਨਜੀਤ ਕੌਰ (ਪੰਜਾਬ ਖੇਤ ਮਜਦੂਰ ਯੂਨੀਅਨ), ਰਾਮਪਾਲ (ਮਜਦੂਰ ਕਾਰਕੁਨ ਮਾਨੇਸਰ) ਦੇ ਘਰ ਵੀ ਛਾਪਾ ਮਾਰਿਆ।
ਉਨ੍ਹਾਂ ਦੱਸਿਆ ਕਿ ਰਾਮਪਾਲ ਦਾ ਫੋਨ ਕਬਜੇ ਵਿੱਚ ਲੈ ਲਿਆ ਅਤੇ ਉਸਨੂੰ ਪੰਜਾਬ ਖੇਤ ਮਜਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਬੀਕੇਯੂ ਉਗਰਾਹਾਂ ਅਤੇ ਕਿਰਤੀ ਕਿਸਾਨ ਯੂਨੀਅਨ ਆਦਿ ਦੇ ਦਬਾਅ ਕਾਰਨ ਰਾਮਪਾਲ ਨੂੰ ਥਾਣੇ ਲਿਜਾਣ ਤੋ ਛੁਡਵਾ ਲਿਆ ਅਤੇ ਥਾਣੇ ਪਹੁੰਚ ਕੇ ਫੋਨ ਆਦਿ ਦਾ ਮੀਮੋ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀਡੀਓ ਤੋ ਪਤਾ ਲੱਗਿਆ ਕਿ ਗੰਧੜ ਵਿੱਚ ਛਾਪਾ ਮਾਰਨ ਵਾਲੀ ਟੀਮ ਨੇ ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਮਿਟੀ ਮਲ ਕੇ ਲੁਕਾਇਆ ਹੋਇਆ ਸੀ ਅਤੇ ਰੇਡ ਕਰਨ ਵਾਲੇ ਅਧਿਕਾਰੀ ਆਪਣਾ ਮੂੰਹ ਲੁਕਾ ਰਹੇ ਸਨ। ਦਮਨ ਪ੍ਰੀਤ ਜਿਸ ਦੀ ਉਮਰ 32 ਸਾਲ ਹੈ ਅਤੇ ਨੂੰ ਮਹੀਨਾ ਪਹਿਲਾਂ ਲਖਨਊ ਐਨਆਈਏ ਥਾਣੇ ਬੁਲਾ ਕੇ 12 ਘੰਟਾ ਇੰਟੇਰੋਗੈਟ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਹਨਾਂ ਛਾਪੇਮਾਰੀਆਂ ਦਾ ਕਾਰਨ ਮਈ 2023 ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਰਜ ਕੀਤੀ ਖੁੱਲੀ ਐਫਆਈਆਰ ਹੈ ਜਿਸ ਵਿੱਚ ਚੰਡੀਗੜ ਦੇ ਐਡਵੋਕੇਟ ਅਜੈ ਪਾਲ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ । ਆਗੂਆਂ ਅਨੁਸਾਰ ਇਸ ਐਫਆਈਆਰ ਤਹਿਤ ਪੰਜਾਬ ਅੰਦਰ ਰਾਮਪੁਰੇ, ਚੰਡੀਗੜ ਸੋਨੀਪਤ ਅਤੇ ਉਤਰ ਪ੍ਰਦੇਸ਼ ਵਿੱਚ ਛਾਪੇ ਮਾਰੇ ਸਨ। ਸਭਾ ਸਮਝਦੀ ਹੈ ਕਿ ਛਾਪੇ ਮਾਰੀ ਦਾ ਆਧਾਰ ਇਨਕਲਾਬੀ ਲਹਿਰ ਦੀ ਸਿਆਸਤ ਨਾਲ ਸਬੰਧਤ ਹੈ। ਜਮਹੂਰੀ ਅਧਿਕਾਰ ਸਭਾ ਆਗੂਆਂ ਨੇ ਪਾਬੰਦੀਆਂ ਦੀ ਸਿਆਸਤ ਬੰਦ ਕਰਨ, ਲੋਕਾਂ ਦੇ ਮਸਲੇ ਹੱਲ ਕੀਤੇ ਜਾਣ, ਐਨਆਈਏ ਦੀ ਛਾਪੇ ਮਾਰੀ ਤੇ ਮੁਕੰਮਲ ਰੋਕ,ਤੇ ਪੰਜਾਬ ਸਰਕਾਰ ਤੋਂ ਇਹਨਾਂ ਛਾਪਿਆਂ ਵਿੱਚ ਹਿੱਸੇਦਾਰੀ ਬੰਦ ਕਰਕੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅੱਗੇ ਆਉਣ ਦੀ ਮੰਗ ਕੀਤੀ।