ਸੱਭਿਆਚਾਰਕ ਗਤੀਵਿਧੀਆਂ ’ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਐੱਫਏਪੀ ਨੈਸ਼ਨਲ ਐਵਾਰਡ-2024 ਨਾਲ ਕੀਤਾ ਸਨਮਾਨਿਤ
ਹਰਜਿੰਦਰ ਸਿੰਘ ਭੱਟੀ
- ਭਾਰਤ ਦੀ ਲੋਕ ਕਲਾਵਾਂ, ਨਾਚ, ਗੀਤਾਂ, ਸਾਹਿਤ ਸਣੇ ਸੱਭਿਆਚਾਰ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਨਿਜੀ ਸਕੂਲਾਂ ਦੇ 475 ਪ੍ਰਿੰਸੀਪਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
- ਐੱਫਏਪੀ ਨੇ ਲੋਕ ਨਾਚ 'ਚ 167, ਲੋਕ ਗੀਤ 'ਚ 203, ਪੇਂਟਿੰਗ 'ਚ 45 ਤੇ ਕੋਲਾਜ ਮੇਕਿੰਗ 'ਚ 60 ਪ੍ਰਿੰਸੀਪਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ
- ਐੱਫਏਪੀ ਨੈਸ਼ਨਲ ਐਵਾਰਡ 'ਚ ਲੋਕ ਕਲਾਵਾਂ, ਨਾਚ, ਗੀਤਾਂ ਤੇ ਸੱਭਿਆਚਾਰ 'ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਨਿਜੀ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਮੋਹਾਲੀ, 7 ਦਸੰਬਰ 2024 - ਭਾਰਤੀ ਲੋਕ ਕਲਾਵਾਂ, ਨਾਚ, ਸੰਗੀਤ ਸਾਹਿਤ ਤੇ ਅਮੀਰ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਨਿੱਜੀ ਸਕੂਲਾਂ ਵੱਲੋਂ ਪਾਏ ਜਾ ਰਹੇੇ ਯੋਗਦਾਨ ਲਈ, ਫੈਡਰੇਸ਼ਨ ਆਫ਼ ਇੰਡੀਆ ਪ੍ਰਾਇਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਐੱਫਏਪੀ) ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ‘ਚ ਕਰਵਾਏ ਚੌਥੇ ਐੱਫਏਪੀ ਨੈਸ਼ਨਲ ਐਵਾਰਡ-2024 ਵਿਚ ਨਿੱਜੀ ਸਕੂਲਾਂ ਦੇ 475 ਸੰਗੀਤ ਤੇ ਨਾਚ ਅਧਿਆਪਕਾਂ, ਸੱਭਿਆਚਾਰਕ ਪ੍ਰੋਗਰਾਮ ਸਹਾਇਕਾਂ, ਪ੍ਰਿੰਸੀਪਲਾਂ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਇਸ ਸਮਾਗਮ 'ਚ ਮੁੱਖ ਮਹਿਮਾਨਾਂ ਵੱਜੋਂ ਪੰਜਾਬੀ ਅਦਾਕਾਰ ਯੋਗਰਾਜ ਸਿੰਘ, ਪ੍ਰਸਿੱਧ ਅਦਾਕਾਰਾ ਸੁਨੀਤਾ ਧੀਰ ਅਤੇ ਪੰਜਾਬੀ ਲੋਕ ਗਾਇਕ ਗੁਰਕਿਰਪਾਲ ਸੁਰਾਪੁਰੀ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਅਗੁਵਾਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਐੱਫਏਪੀ) ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੱਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਤੀਯੋਗੀਆਂ ਨੇ ਭਾਰਤ ਭਰ ਦੇ ਨਿਜੀ ਸਕੂਲਾਂ ਦੀ ਸੱਭਿਆਚਾਰਕ ਸ਼ਕਤੀ ਨੂੰ ਦਰਸਾਉਣ ਲਈ ਲੋਕ ਨਾਚ, ਲੋਕ ਗੀਤ, ਕਵੀਸ਼ਰੀ ਅਤੇ ਵਾਰ ਗਾਇਨ ਕੀਤਾ।
ਸਮਾਗਮ ਦੌਰਾਨ ਮੁੱਖ ਮਹਿਮਾਨਾਂ ਦੁਆਰਾ ਪ੍ਰਦਾਨ ਕੀਤੇ ਗਏ 475 ਪੁਰਸਕਾਰਾਂ ’ਚ 60 ਕੋਲਾਜ ਮੇਕਿੰਗ, 142 ਗਰੁੱਪ ਨਾਚ (ਭਾਰਤੀ ਲੋਕ), 72 ਭਾਰਤੀ ਲੋਕ ਗੀਤ (ਗਰੁੱਪ), 49 ਭਾਰਤੀ ਲੋਕ ਗੀਤ (ਸੋਲੋ), 45 ਪੇਂਟਿੰਗ/ਸਕੈਚਿੰਗ, 25 ਸੋਲੋ ਨਾਚ (ਭਾਰਤੀ ਲੋਕ), 42 ਵਾਰ/ਕਵੀਸ਼ਰੀ ਤੇ 40 ਵਿਆਹ ਦੇ ਲੋਕ ਗੀਤਾਂ ਸ਼ਾਮਲ ਸਨ। ਸਮਾਗਮ ਮੌਕੇ 213 ਵਿਦਿਆਰਥੀਆਂ, 59 ਸੰਗੀਤ/ਨਾਚ ਅਧਿਆਪਕ, 144 ਸੱਭਿਆਚਾਰਕ ਸਹਾਇਕ ਅਤੇ 59 ਪ੍ਰਿੰਸੀਪਲਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ।
ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਦੇਸ਼ ਦੇ ਨਿੱਜੀ ਸਕੂਲਾਂ ’ਚ ਸਿਖਰਲੇ ਅਧਿਆਪਕਾਂ ਦੇ ਬੇਮਿਸਾਲ ਯੋਗਦਾਨ ਨੂੰ ਉਤਸ਼ਾਹਿਤ ਕਰਕੇ ਮਾਨਤਾ ਦੇਣਾ ਹੈ, ਜਿਨ੍ਹਾਂ ਨੇ ਸਕੂਲੀ ਸਿੱਖਿਆ ਦੀ ਗੁਣਵੱਤਾ ’ਚ ਮਹੱਤਵਪੂਰਨ ਵਾਧਾ ਕੀਤਾ ਹੈ ਅਤੇ ਸਿੱਖਿਆ, ਖੇਡਾਂ ਅਤੇ ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ’ਚ ਆਪਣੇ ਵਿਦਿਆਰਥੀਆਂ ਦੇ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਿਆ ਹੈ।
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਐੱਫਏਪੀ) ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਪਣੇ ਸੰਬੋਧਨ 'ਚ ਕਿਹਾ, "ਐੱਫਏਪੀ ਪੁਰਸਕਾਰਾਂ ਦਾ ਉਦੇਸ਼ ਨਾ ਸਿਰਫ਼ ਨਿਜੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣਾ ਹੈ ਬਲਕਿ ਸਿੱਖਿਆ, ਖੇਡਾਂ ਅਤੇ ਸੱਭਿਆਚਾਰ 'ਚ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਪ੍ਰੇਰਿਤ ਕਰਨਾ ਵੀ ਹੈ। ਅੱਜ ਅਸੀਂ ਐੱਫਏਪੀ ਨੈਸ਼ਨਲ ਐਵਾਰਡ 2024 ਲਈ 475 ਹੋਣਹਾਰ ਵਿਦਿਆਰਥੀਆਂ, ਸੰਗੀਤ/ਨਾਚ ਅਧਿਆਪਕ, ਸੱਭਿਆਚਾਰਕ ਸਹਾਇਕ ਅਤੇ ਪ੍ਰਿੰਸੀਪਲਾਂ ਨੂੰ ਤਜਰਬੇਕਾਰ ਅਕਾਦਮੀਸ਼ੀਅਨਾਂ ਦੁਆਰਾ ਮੁਲਾਂਕਣ ਦੇ ਆਧਾਰ 'ਤੇ ਚੁਣਿਆ ਹੈ। ਨਿੱਜੀ ਸਕੂਲਾਂ ਦਾ ਯੋਗਦਾਨ ਦੇਸ਼ ਦੀ ਮਿਆਰੀ ਸਿੱਖਿਆ ਅਤੇ ਤਰੱਕੀ ਦਾ ਆਧਾਰ ਹੈ। ਅੱਜ ਦੇ ਪ੍ਰੋਗਰਾਮ ਰਾਹੀਂ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਭਾਗੀਆਂ ਨੂੰ ਆਪਣੇ ਸੱਭਿਆਚਾਰ, ਵਿਰਸੇ, ਲੋਕ ਰੰਗਾਂ ਅਤੇ ਸਾਹਿਤ ਨੂੰ ਦਿਖਾਉਣ ਦਾ ਮੌਕਾ ਮਿਲਿਆ। ਇਸ ਪ੍ਰੋਗਰਾਮ ਨੇ ਨਾ ਸਿਰਫ਼ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ ਸਗੋਂ ਅਨੇਕਤਾ 'ਚ ਏਕਤਾ ਦੇ ਭਾਰਤੀ ਸਿਧਾਂਤ ਨੂੰ ਵੀ ਜ਼ੋਰਦਾਰ ਢੰਗ ਨਾਲ ਉਜਾਗਰ ਕੀਤਾ।"
ਉਨ੍ਹਾਂ ਕਿਹਾ ਕਿ ਇਸ ਐਸੋਸੀਏਸ਼ਨ ਦਾ ਦਾਇਰਾ ਅੱਜ ਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ, ਜੋ ਇਸਦੀ ਪ੍ਰਸਿੱਧੀ ਅਤੇ ਮਾਨਤਾ ਨੂੰ ਦਰਸਾਉਂਦਾ ਹੈ। ਇਸ ਪੁਰਸਕਾਰ ਸਮਾਗਮ ਰਾਹੀਂ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬੇਮਿਸਾਲ ਪ੍ਰਦਰਸ਼ਨ ਲਈ ਸਨਮਾਨਿਤ ਕਰਨਾ ਇੱਕ ਵਿਲੱਖਣ ਅਨੁਭਵ ਹੁੰਦਾ ਹੈ। ਐੱਫਏਪੀ ਐਸੋਸੀਏਸ਼ਨ ਦੀ ਸ਼ੁਰੂਆਤ 2021 ’ਚ ਕੀਤੀ ਗਈ ਸੀ ਅਤੇ ਉਸ ਸਮੇਂ ਸਿਰਫ਼ ਅਧਿਆਪਕਾਂ ਨੂੰ ਸਟੇਟ ਐਵਾਰਡ ਹੀ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ 2022 ’ਚ ਇਸ ਦਾ ਦਾਇਰਾ ਵਧਾ ਕੇ ਇਸਨੂੰ ਰਾਸ਼ਟਰੀ ਪੱਧਰ ’ਤੇ ਸ਼ੁਰੂ ਕੀਤਾ ਗਿਆ। 2022 'ਚ 20 ਤੋਂ ਵੱਧ ਰਾਜਾਂ ਦੇ ਅਧਿਆਪਕਾਂ ਨੇ ਇਸ ’ਚ ਭਾਗ ਲਿਆ ਸੀ। ਐੱਫਏਪੀ ਨੈਸ਼ਨਲ ਪੁਰਸਕਾਰਾਂ ਦਾ ਮੁੱਖ ਟੀਚਾ ਅਕਾਦਮਿਕ, ਖੇਡਾਂ, ਨਾਚ, ਸੰਗੀਤ ਅਤੇ ਸੱਭਿਆਚਾਰ 'ਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਪ੍ਰਾਈਵੇਟ ਸਕੂਲਾਂ 'ਚ ਮਾਣ ਦੀ ਭਾਵਨਾ ਪੈਦਾ ਕਰਨਾ ਹੈ। ਇਹ ਪਹਿਲਕਦਮੀ ਨਾ ਸਿਰਫ਼ ਨਿਜੀ ਸਕੂਲਾਂ ਨੂੰ ਸਨਮਾਨਿਤ ਕਰਦੀ ਹੈ, ਸਗੋਂ ਹੋਰਾਂ ਨੂੰ ਵਿੱਦਿਅਕ, ਖੇਡਾਂ, ਸੱਭਿਆਚਾਰਕ ਵਿਰਾਸਤ, ਬੁਨਿਆਦੀ ਢਾਂਚੇ ਅਤੇ ਸਹੂਲਤਾਂ 'ਚ ਉੱਤਮਤਾ ਲਈ ਯਤਨ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ।