Punjab News: ਪ੍ਰਵਾਸੀ ਪੰਜਾਬੀਆਂ ਨਾਲ ਆਨਲਾਈਨ ਮਿਲਣੀ; ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ- ਅਸੀਂ ਤੁਹਾਡੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਕਸਰ ਨਹੀਂ ਛੱਡਾਂਗੇ
ਮੰਤਰੀ ਧਾਲੀਵਾਲ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਮਾਸਿਕ ਔਨਲਾਈਨ ਐਨ.ਆਰ.ਆਈ ਮਿਲਣੀ ਕਰਵਾਈ
ਪ੍ਰਵਾਸੀ ਪੰਜਾਬੀ, ਈਮੇਲ ਆਈਡੀ- nriminister20230gmail.com ਜਾਂ ਵਟਸਐਪ ਨੰਬਰ- 9056009884 ’ਤੇ ਭੇਜ ਸਕਦੇ ਹਨ ਆਪਣੀਆਂ ਸ਼ਿਕਾਇਤਾਂ
ਪਿਛਲੀਆਂ ਚਾਰ ਔਨਲਾਈਨ ਐਨ.ਆਰ.ਆਈ ਮਿਲਣੀਆਂ ਦੌਰਾਨ ਪ੍ਰਾਪਤ ਹੋਈਆਂ ਕੁੱਲ 542 ਸ਼ਿਕਾਇਤਾਂ ਚੋਂ 488 ਮਾਮਲਿਆਂ ਦਾ ਕੀਤਾ ਨਿਪਟਾਰਾ
ਚੰਡੀਗੜ੍ਹ, 21 ਅਪ੍ਰੈਲ 2025: ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਪੰਜਵੀਂ ਔਨਲਾਈਨ ਐਨ.ਆਰ.ਆਈ ਮਿਲਣੀ ਕਰਵਾਈ ਅਤੇ ਔਨਲਾਈਨ ਵੀਡੀਓ-ਕਾਨਫਰੰਸਿੰਗ ਰਾਹੀਂ ਐਨ.ਆਰ.ਆਈ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਨਿੱਜੀ ਤੌਰ ’ਤੇ ਸੁਣਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ, ਅਸੀਂ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇਹ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ ਹੈ। ਪੰਜਾਬ ਦੇਸ਼ ਦਾ ਇੱਕੋ ਇੱਕ ਸੂਬਾ ਹੈ, ਜਿਸਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇਸ ਤਰ੍ਹਾਂ ਦਾ ਐਨਆਰਆਈ ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੀਆਂ ਚਾਰ ਔਨਲਾਈਨ ਐਨਆਰਆਈ ਮਿਲਣੀਆਂ ਵਿੱਚ ਕੁੱਲ 542 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਚੋਂ 488 ਸ਼ਿਕਾਇਤਾਂ ਦਾ ਸਫ਼ਲਤਾਪੂਰਵਕ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ 5ਵੀਂ ਮਾਸਿਕ ਔਨਲਾਈਨ ਐਨਆਰਆਈ ਮਿਲਣੀ ਵਿੱਚ 82 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਚੋਂ 63 ਸ਼ਿਕਾਇਤਾਂ ਈਮੇਲ ਰਾਹੀਂ ਅਤੇ ਬਾਕੀ 19 ਸ਼ਿਕਾਇਤਾਂ ਵਟਸਐਪ ਨੰਬਰ ’ਤੇ ਪ੍ਰਾਪਤ ਹੋਈਆਂ ਸਨ।
ਉਨ੍ਹਾਂ ਨੇ ਐਨਆਰਆਈ ਪੰਜਾਬੀਆਂ ਨੂੰ ਆਪਣੀਆਂ ਸ਼ਿਕਾਇਤਾਂ ਇਸ ਈਮੇਲ ਆਈਡੀ- nriminister20230gmail.com ਅਤੇ ਵਟਸਐਪ ਨੰਬਰ-9056009884 ’ਤੇ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਵਾਸੀਆਂ ਦੀਆਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।
ਧਾਲੀਵਾਲ ਨੇ ਐਨਆਰਆਈ ਪੰਜਾਬੀਆਂ ਨੂੰ ਭਰੋਸਾ ਦਿੱਤਾ, ‘‘ਮੈਂ ਤੁਹਾਡੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਤੁਹਾਡੇ ਕੋਲ ਹਾਂ ਅਤੇ ਅਸੀਂ ਤੁਹਾਡੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਕਸਰ ਨਹੀਂ ਛੱਡਾਂਗੇ। ’’ ਉਨ੍ਹਾਂ ਪ੍ਰਵਾਸੀਆਂ ਨੂੰ ਕਿਹਾ ਕਿ ਉਹ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲ ਸਕਦੇ ਹਨ।
5ਵੀਂ ਮਾਸਿਕ ਔਨਲਾਈਨ ਐਨਆਰਆਈ ਮਿਲਣੀ ਵਿੱਚ ਵਧੀਕ ਮੁੱਖ ਸਕੱਤਰ ਦਿਲੀਪ ਕੁਮਾਰ, ਪੰਜਾਬ ਪੁਲਿਸ ਦੇ ਏਆਈਜੀ ਅਜਿੰਦਰ ਸਿੰਘ ਪੰਜਾਬ ਪੁਲਿਸ ,ਐਨਆਰਆਈ ਵਿੰਗ ਅਤੇ ਐਨਆਰਆਈ ਮਾਮਲੇ ਵਿਭਾਗ ਦੇ ਹੋਰ ਅਧਿਕਾਰੀ ਸ਼ਾਮਲ ਹੋਏ।