Lahore ਵੱਲ ਸਿਮਰਨਜੀਤ ਮਾਨ ਨੇ ਕੀਤਾ ਮਾਰਚ, BSF ਨੇ ਰੋਕਾਂ ਲਾ ਕੇ ਡੱਕਿਆ!
ਹਿੰਦ-ਪਾਕਿ ਬਾਰਡਰ ਖੋਲ੍ਹੋ ਦੀ ਮੰਗ ਤਹਿਤ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਟਾਰੀ-ਵਾਹਗਾ ਸਰਹੱਦ ਤੇ ਮੁਜ਼ਾਹਰਾ; ਬੀਐਸਐਫ਼ ਨੇ ਰੋਕਾਂ ਲਾ ਕੇ ਡੱਕੇ ਮਾਨ ਸਮੇਤ ਹੋਰ ਲੀਡਰ
ਅੰਮ੍ਰਿਤਸਰ, 17 ਅਪ੍ਰੈਲ 2025- ਕਿਸਾਨਾਂ ਮਜ਼ਦੂਰਾਂ ਤੇ ਵਪਾਰੀ ਵਰਗ ਦੀ ਖ਼ੁਸ਼ਹਾਲੀ ਲਈ ਅਤੇ ਦੋਹਾਂ ਦੇਸ਼ਾਂ ਦੀ ਵਪਾਰਕ ਸਾਂਝ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅਪੀਲ ਮੁਜ਼ਾਹਰਾ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨਫ਼ਰਤ ਦੀ ਰਾਜਨੀਤੀ ਨੂੰ ਇਨਕਾਰ ਕਰਕੇ ਅਤੇ ਖ਼ੁਸ਼ਹਾਲੀ, ਅਮਨ ਅਤੇ ਕਾਨੂੰਨੀ ਜ਼ਿੰਮੇਵਾਰੀ ਦੀ ਪੱਖਦਾਰੀ ਕਰੀਏ। ਉਨ੍ਹਾਂ ਕਿਹਾ ਕਿ ਅਟਾਰੀ ਵਾਹਗਾ ਬਾਰਡਰ ਰਾਹੀਂ ਭਾਰਤ-ਪਾਕਿਸਤਾਨ ਵਪਾਰ ਰਾਹ ਖੋਲ੍ਹਣ ਦੀ ਮੰਗ ਸਿਰਫ਼ ਆਰਥਿਕਤਾ ਨਹੀਂ, ਸਗੋਂ ਇਤਿਹਾਸਕ, ਅਧਿਆਤਮਿਕ ਅਤੇ ਕਾਨੂੰਨੀ ਜ਼ਰੂਰਤ ਹੈ।
ਮਾਨ ਦਲ ਵਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਪੰਜਾਬ ਦੇ ਕਿਸਾਨ, ਖ਼ਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ, ਘੱਟ ਮੁੱਲਾਂ ਅਤੇ ਮੰਡੀਆਂ ਦੀ ਕਮੀ ਕਾਰਨ ਪੀੜਤ ਹਨ। ਸਰਹੱਦ ਖੁਲ੍ਹਣ ਨਾਲ ਉਹ ਆਪਣੀਂ ਕਣਕ, ਚੌਲ, ਸਬਜ਼ੀਆਂ ਤੇ ਫਲ ਵਧੀਆ ਕੀਮਤ ’ਤੇ ਵੇਚ ਸਕਣਗੇ। ਵਪਾਰੀ, ਖ਼ਾਸ ਕਰਕੇ ਸੁੱਕੇ ਫਲਾਂ, ਸੀਮੈਂਟ, ਕੱਪੜੇ ਅਤੇ ਉਦਯੋਗਿਕ ਮਾਲ ਦੇ, ਆਪਣੀਆਂ ਖੋਈਆਂ ਮਾਰਕੀਟਾਂ ਮੁੜ ਹਾਸਲ ਕਰ ਸਕਣਗੇ। ਟਰਾਂਸਪੋਰਟ, ਗੋਦਾਮ, ਹੋਟਲ ਤੇ ਟੂਰਿਜ਼ਮ ਖੇਤਰ ਵਿੱਚ ਹਜ਼ਾਰਾਂ ਨੌਕਰੀਆਂ ਬਣਣਗੀਆਂ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਨੂੰ ਬਹੁਤ ਸਾਰਾ ਆਰਥਿਕ ਲਾਭ ਹੋਵੇਗਾ ਜਿਵੇਂ ਸਰਹੱਦ ਖੁਲ੍ਹਣ ਨਾਲ ਭਾਰਤ ਦੇ GDP ਵਿੱਚ 1% ਵਾਧਾ ਹੋ ਸਕਦਾ ਹੈ। ਖੇਤਰੀ ਖੁਸ਼ਹਾਲੀ ਨਾਲ ਭਾਰਤ ਦੀ ਵਿਸ਼ਵ ਭਰ ਵਿੱਚ ਜ਼ਿੰਮੇਵਾਰ ਰਾਸ਼ਟਰ ਦੀ ਛਵੀ ਮਜ਼ਬੂਤ ਹੋਏਗੀ। ਕੇਂਦਰੀ ਏਸ਼ੀਆ ਨਾਲ ਜੁੜਨ ਦੇ ਰਾਹ ਖੁੱਲਣਗੇ, ਵਿਦੇਸ਼ੀ ਬੰਦਰਗਾਹਾਂ ਉੱਤੇ ਨਿਰਭਰਤਾ ਘਟੇਗੀ। ਸੁਰੱਖਿਆ ਸੰਬੰਧੀ ਗਲਤ ਫੈਲਾਏ ਡਰ ਦਾ ਜਵਾਬ ਕਿ WTO ਦੇ ਕਾਨੂੰਨ (GATT ਆਰਟੀਕਲ XXI) ਅਨੁਸਾਰ, ਸੁਰੱਖਿਆ ਕਾਰਨਾਂ ਕਰਕੇ ਰੋਕ ਲਗਾਉਣੀ ਜਾਇਜ਼ ਹੈ ਪਰ ਸਿਰਫ਼ ਸਾਵਧਾਨੀ ਤੇ ਨਿਯਮਾਂ ਅਨੁਸਾਰ। ਵਪਾਰ ਬੰਦ ਕਰਨਾ ਸੁਰੱਖਿਆ ਨਹੀਂ, ਸਗੋਂ ਨਫਰਤ ਵਧਾਉਂਦਾ ਹੈ। ਆਰਥਿਕ ਨਿਕਟਤਾ ਲੜਾਈ ਦੀ ਸੰਭਾਵਨਾ ਘਟਾਉਂਦੀ ਹੈ, ਇਤਿਹਾਸਕ ਤਜਰਬਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਨਫਰਤ ਦੀ ਪੁਰਾਣੀ ਰਾਜਨੀਤੀ ਦਾ ਕੈਦੀ ਨਹੀਂ ਬਣਾਇਆ ਜਾ ਸਕਦਾ। ਸਮਾਂ ਆ ਗਿਆ ਹੈ ਕਿ ਅਸੀਂ ਵਾਹਗਾ ਰਾਹੀਂ ਭਾਰਤ-ਪਾਕਿਸਤਾਨ ਵਪਾਰ ਮੁੜ ਖੋਲ੍ਹੀਏ,ਕਾਨੂੰਨੀ ਜ਼ਿੰਮੇਵਾਰੀਆਂ ਨਿਭਾਈਏ, ਕਿਸਾਨਾਂ ਤੇ ਉਦਯੋਗਾਂ ਨੂੰ ਜੀਵਨ ਦਿਈਏ, ਤੇ ਅਮਨ ਦਾ ਰਾਹ ਚੁਣੀਏ। ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਘੱਟ ਸੰਖਿਅਕਾਂ ਦੀ ਇਹ ਆਵਾਜ਼ ਹੈ। ਭਾਰਤ ਦੇ ਸੰਵਿਧਾਨਕ ਆਦਰਸ਼ਾਂ ਦੀ ਇਹ ਮੰਗ ਹੈ। ਮਨੁੱਖਤਾ ਦੀ ਇਹ ਲੋੜ ਹੈ।
ਇਸ ਮੌਕੇ ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਕੁਲਦੀਪ ਸਿੰਘ ਭਾਗੋਵਾਲ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ) ਹਰਭਜਨ ਸਿੰਘ ਕਸ਼ਮੀਰੀ, ਬਲਦੇਵ ਸਿੰਘ ਗਗੜਾ,ਗੁਰਚਰਨ ਸਿੰਘ ਭੁੱਲਰ, ਬਲਕਾਰ ਸਿੰਘ ਭੁੱਲਰ (ਸਾਰੇ ਪੀ ਏ ਸੀ ਮੈਂਬਰ), ਬੀਬੀ ਚਰਨਜੀਤ ਕੌਰ ਮਾਤਾ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ, ਦਰਸ਼ਨ ਸਿੰਘ ਮੰਡੇਰ, ਰਣਜੀਤ ਸਿੰਘ ਸੰਤੋਖਗੜ੍ਹ, ਅਮਰੀਕ ਸਿੰਘ ਨੰਗਲ, ਦਰਸ਼ਨ ਸਿੰਘ ਭਾਉ ਕਨੇਡਾ, ਗੁਰਬਚਨ ਸਿੰਘ ਪਵਾਰ, ਨਵਨੀਤ ਗੋਪੀ, ਪ੍ਰੀਤਮ ਸਿੰਘ ਮਾਨਗੜ੍ਹ, ਕੁਲਵੰਤ ਸਿੰਘ ਮਝੈਲ, ਬਲਵਿੰਦਰ ਸਿੰਘ ਕਾਲਾ ਹਰਜੀਤ ਸਿੰਘ ਮੀਆਂਪੁਰ, ਜਸਬੀਰ ਸਿੰਘ ਬਚੜੇ, ਬੀਬੀ ਰਸਪਿੰਦਰ ਕੌਰ ਗਿੱਲ, ਸਮਸ਼ੇਰ ਸਿੰਘ ਬਰਾੜ, ਕੁਲਵੰਤ ਸਿੰਘ ਮਜੀਠਾ,ਸਹਿਬਾਜ ਸਿੰਘ ਡਸਕਾ,ਬਾਬਾ ਹਰਬੰਸ ਸਿੰਘ ਜੈਨਪੁਰ, ਬੀਬੀ ਰਸ਼ਪਿੰਦਰ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਬਲਵਿੰਦਰ ਕੌਰ ਸੰਧੂ, ਰਵੀਸ਼ੇਰ ਸਿੰਘ, ਹਰਮੀਤ ਸਿੰਘ ਸੋਢੀ,ਪਰਮਜੀਤ ਸਿੰਘ ਸੁੱਖ, ਬਾਬਾ ਜਸਵੀਰ ਸਿੰਘ, ਪਰਮਿੰਦਰ ਸਿੰਘ ਨਾਨੋਵਾਲ, ਜਨਾਬ ਤਾਂਰਿਕ ਮਹੁੰਮਦ, ਪਰਮਿੰਦਰ ਸਿੰਘ ਖਾਲਸਾ, ਗੁਰਨਾਮ ਸਿੰਘ ਸਿੰਗੜੀਵਾਲ, ਗੁਰਪ੍ਰੀਤ ਸਿੰਘ ਦੁਲਮਾਂ, ਉਪਿੰਦਰ ਪ੍ਰਤਾਪ ਸਿੰਘ, ਪ੍ਰਗਟ ਸਿੰਘ ਰੋਪੜ੍ਹ, ਬੀਬੀ ਸੁਪਰੀਤ ਕੌਰ, ਸੂਰਤ ਸਿੰਘ ਮਮਦੋਟ, ਦਲਜੀਤ ਸਿੰਘ ਬਾਜਵਾ, ਕੁਲਵੰਤ ਸਿੰਘ ਮਝੈਲ, ਦਲਜੀਤ ਸਿੰਘ ਚੱਕਮਕੰਦ,ਆਦਿ ਆਗੂ ਹਾਜ਼ਰ ਸਨ।