ਪੰਜਾਬ ਰਾਜ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ ਵੱਲੋਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2025 : ਡਿਪਟੀ ਜਨਰਲ ਮੈਨੇਜਰ (ਸਟੇਟ), ਮੰਡੀ ਬੋਰਡ ਸ੍ਰੀ ਰਜਨੀਸ਼ ਗੋਇਲ ਵੱਲੋਂ ਅੱਜ ਜਿਲ੍ਹੇ ਦੀਆਂ ਵੱਖ-ਵੱਖ ਅਨਾਜ਼ ਮੰਡੀਆਂ ਰਾਮਪੁਰਾ ਫੂਲ, ਗੋਨਿਆਣਾ, ਰਾਮਾਂ ਅਤੇ ਬਠਿੰਡਾ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਸ੍ਰੀ ਰਜਨੀਸ਼ ਗੋਇਲ ਵੱਲੋਂ ਮੰਡੀਆਂ ਵਿੱਚ ਆਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਫ਼ਸਲ ਦੀ ਖ੍ਰੀਦ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਅੱਗੇ ਦੱਸਿਆ ਗਿਆ ਕਿ ਜਿਲ੍ਹਾ ਬਠਿੰਡਾ ਅਧੀਨ ਪੰਜਾਬ ਸਰਕਾਰ ਵੱਲੋਂ 189 ਮੰਡੀਆਂ ਅਤੇ ਗਲੱਟ ਦੀ ਸਥਿਤੀ ਨੂੰ ਨਜਿੱਠਣ ਲਈ 67 ਆਰਜੀ ਯਾਰਡ ਐਲਾਨ ਕੀਤੇ ਜਾ ਚੁੱਕੇ ਹਨ। ਮੌਸਮ ਵਿੱਚ ਆਈ ਤਬਦੀਲੀ ਨੂੰ ਲੈ ਕੇ ਉਹਨਾਂ ਵੱਲੋਂ ਆੜਤੀਆਂ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਦੀ ਜਿਨਸ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਉਚਿੱਤ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਰ ਤਰੀਕੇ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰਹਿਣ ਦੇ ਨਿਰਦੇਸ਼ ਵੀ ਦਿੱਤੇ। ਡਿਪਟੀ ਜਨਰਲ ਮੈਨੇਜਰ (ਸਟੇਟ) ਸ੍ਰੀ ਰਜਨੀਸ਼ ਗੋਇਲ ਵੱਲੋਂ ਮੰਡੀਆਂ ਵਿੱਚ ਤੋਲ ਵੀ ਚੈੱਕ ਕੀਤੇ ਗਏ। ਉਹਨਾਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਣਕ ਦੀ ਖ੍ਰੀਦ ਲਈ ਮੰਡੀਆਂ ਵਿੱਚ ਕਿਸਾਨ/ਆੜਤੀਆਂ/ ਜ਼ਿਮੀਂਦਾਰ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਤੋਂ ਇਲਾਵਾ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਸਕੱਤਰ ਅਤੇ ਸਟਾਫ ਵੀ ਮੌਜੂਦ ਸੀ।