ਬਾਬਾ ਸਾਹਿਬ ਅੰਬੇਡਕਰ ਭਾਰਤੀ ਰਾਸ਼ਟਰ ਰਾਜਨੀਤੀ ਤੇ ਸਮਾਜ ਦੇ ਆਧੁਨਿਕ ਨਿਰਮਾਤਾ: ਜਸਵੀਰ ਗੜ੍ਹੀ
- ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੌਕੇ ਥਰਮਲ ਪਲਾਂਟ, ਨੂੰਹੋਂ ਕਲੋਨੀ ਵਿਖੇ ਕਰਵਾਏ ਸਮਾਗਮ 'ਚ ਚੇਅਰਮੈਨ ਐਸ.ਸੀ. ਕਮਿਸ਼ਨ ਞਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ
ਰੂਪਨਗਰ, 19 ਅਪ੍ਰੈਲ 2025: ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ (ਪੀਐਸਪੀਸੀਐਲ/ਪੀਐਸਟੀਸੀਐਲ) ਰੂਪਨਗਰ ਵਲੋਂ ਭਾਰਤ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਮਿਊਨਿਟੀ ਹਾਲ, ਥਰਮਲ ਪਲਾਂਟ, ਨੂੰਹੋਂ ਕਲੋਨੀ, ਰੋਪੜ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵਲੋੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਤੇ ਸਾਥੀਆਂ ਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਕੇ ਸਾਰੇ ਦੇਸ਼ ਨੂੰ ਇਕ ਸੂਤਰ ਵਿੱਚ ਪਰੋਇਆ ਹੈ ਅਤੇ ਉਨਾਂ ਭਾਰਤ ਦੇ ਹਰੇਕ ਨਾਗਰਿਕ ਨੂੰ ਸੰਵਿਧਾਨ ਰਾਹੀਂ ਬਰਾਬਰਤਾ ਦੇ ਹੱਕ ਪ੍ਰਦਾਨ ਕਰਵਾਏ। ਉਨਾਂ ਸੰਵਿਧਾਨ ਦੀ ਰਚਨਾ ਕਰ ਕੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ ਸਿੱਟੇ ਵਜੋੰ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਬਾਬਾ ਸਾਹਿਬ ਅੰਬੇਡਕਰ ਭਾਰਤੀ ਰਾਸ਼ਟਰ ਰਾਜਨੀਤੀ ਅਤੇ ਸਮਾਜ ਦੇ ਆਧੁਨਿਕ ਨਿਰਮਾਤਾ ਹਨ ਜਿਨਾਂ ਵੱਲੋਂ ਦਿੱਤੇ ਸੰਵਿਧਾਨ ਤਹਿਤ 565 ਤੋਂ ਜਿਆਦਾ ਰਿਆਸਤਾਂ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇੱਕਮੁੱਠ ਹਨ। ਦੇਸ਼ ਅਤੇ ਸਮਾਜ ਨੂੰ ਤੋੜਨ ਵਾਲੀਆਂ ਤਾਕਤਾਂ ਨਿਤ ਦਿਨ ਤਰ੍ਹਾਂ ਤਰ੍ਹਾਂ ਦੀਆਂ ਬੁਣਤੀਆਂ ਬਣ ਰਹੀਆਂ ਹਨ ਪਰੰਤੂ ਅਸੀਂ ਭਾਰਤੀ ਰਾਸ਼ਟਰ ਦੇ ਅਤੇ ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਵਾਲੇ ਸੱਚੇ ਲੋਕ ਅਜਿਹੀਆਂ ਤਾਕਤਾਂ ਨੂੰ ਕਦੀ ਕਾਮਯਾਬ ਨਹੀਂ ਹੋਣ ਦਿਆਗੇ।
ਉਨ੍ਹਾਂ ਕਿਹਾ ਕਿ ਸਾਡੇ ਸਿਰ 'ਤੇ ਪੱਗ, ਧੀਆਂ-ਭੈਣਾਂ ਦੇ ਸਿਰ 'ਤੇ ਚੁੰਨੀਆਂ, ਸਾਡਾ ਮਾਣ ਸਤਿਕਾਰ ਬਾਬਾ ਸਾਹਿਬ ਦੀ ਦੇਣ ਹਨ, ਹਰ ਤਰ੍ਹਾਂ ਦੇ ਵਿਤਕਰੇ ਤੋਂ ਰਹਿਤ ਸਿੱਖਿਆ ਤੇ ਰੋਜ਼ਗਾਰ ਦਾ ਅਧਿਕਾਰ ਦਿੱਤਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਉਨਾਂ ਇਹ ਵੀ ਕਿਹਾ ਕਿ ਜਿੱਥੇ ਸਾਡਾ ਸੰਵਿਧਾਨ ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦਾ ਹੈ ਉੱਥੇ ਸਾਨੂੰ ਆਪਣੇ ਸੰਵਿਧਾਨਿਕ ਫਰਜ਼ਾਂ ਪ੍ਰਤੀ ਸੁਚੇਤ ਹੋਣ ਦੀ ਵੀ ਲੋੜ ਹੈ। ਉਹਨਾਂ ਦੱਸਿਆ ਕਿ ਚੋਣਾਂ ਮੌਕੇ ਪੰਜਾਬ ਦਾ ਹਰੇਕ ਯੋਗ ਨਾਗਰਿਕ ਬਿਨਾਂ ਕਿਸੇ ਲਾਲਚ ਅਤੇ ਡਰ-ਭੈਅ ਤੋਂ ਆਪਣੇ ਵੋਟ ਦੇ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰੇ, ਇਹ ਵੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਸਾਨੂੰ ਜਿਹੜੇ ਸੰਵਿਧਾਨਿਕ ਹੱਕ ਬਾਬਾ ਸਾਹਿਬ ਨੇ ਪ੍ਰਦਾਨ ਕਰਵਾਏ ਹਨ ਉਹਨਾਂ ਦੀ ਸਹੀ ਤੇ ਸੁਚੱਜੀ ਵਰਤੋਂ ਕਰੀਏ।
ਚੇਅਰਮੈਨ ਗੜ੍ਹੀ ਨੇ ਦੱਸਿਆ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਅਣਥੱਕ ਮਿਹਨਤ ਸਦਕਾ ਹੀ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਬਣਿਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਪੂਰੀ ਦੁਨੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ। ਉਨਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇਸ਼ ਦੇ ਲੋਕਾਂ ਲਈ ਹਮੇਸ਼ਾ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਸ. ਜਸਵੀਰ ਸਿੰਘ ਗੜੀ ਨੇ ਕਿਹਾ ਕਿ ਕਮਿਸ਼ਨ ਦੇ ਦਫਤਰ ਵਿੱਚ ਪਿਛਲੇ ਕਈ ਸਾਲਾਂ ਤੋਂ 5500 ਤੋਂ ਜਿਆਦਾ ਫਾਈਲਾਂ ਪੈਂਡਿੰਗ ਹਨ ਜਿਨ੍ਹਾਂ ਨੂੰ ਬਹੁਤ ਤੇਜ਼ੀ ਨਾਲ ਡੀਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਪ੍ਰਗਤੀ ਕਲਾ ਕੇਂਦਰ ਜਲਾਲਾਬਾਦ ਵੱਲੋਂ "ਭੀਮ ਮਹਾਨ ਅਤੇ ਮਾਤਾ ਰਮਾ ਬਾਈ" ਨਾਟਕ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ, ਸੂਬਾ ਪ੍ਰਧਾਨ ਪੀਐਸਪੀਸੀਐਲ/ਪੀਐਸਟੀਸੀਐਲ ਜਥੇਬੰਦੀ ਸ.ਅਵਤਾਰ ਸਿੰਘ ਕੈਂਥ, ਐਡਵੋਕੇਟ ਲਖਬੀਰ ਸਿੰਘ, ਸ਼੍ਰੀਮਤੀ ਸਵਰਨ ਕੌਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।