DC ਡਾ. ਸੋਨਾ ਥਿੰਦ ਅਤੇ SSP ਸ਼ੁਭਮ ਅਗਰਵਾਲ ਨੇ ਲੋਕਾਂ ਨੂੰ ਬਲੈਕ ਆਊਟ ਨਿਯਮਾਂ ਦੀ ਇੰਨ ਬਿੰਨ ਪਾਲਣਾ ਦੀ ਅਪੀਲ ਕੀਤੀ
ਦੀਦਾਰ ਗੁਰਨਾ
- ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧੇਰੇ ਮਜ਼ਬੂਤ ਕਰਨ ਲਈ ਪੁਲਿਸ ਅਤੇ ਪ੍ਰਸ਼ਾਸਨ ਦੇ ਕੰਟਰੋਲ ਰੂਮ 24x7 ਕਾਰਜਸ਼ੀਲ
ਫ਼ਤਹਿਗੜ੍ਹ ਸਾਹਿਬ, 10 ਮਈ 2025 - ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਐਸਐਸਪੀ ਸ਼ੁਭਮ ਅਗਰਵਾਲ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਅਹਿਤਿਆਤ ਵਜੋਂ ਸਮੇਂ ਸਮੇਂ ਉੱਤੇ ਘੋਸ਼ਿਤ ਕੀਤੇ ਜਾਣ ਵਾਲੇ ਬਲੈਕ ਆਊਟ ਮੌਕੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਰਾਤ ਨਾਗਰਿਕਾਂ ਦੀ ਸੁਰੱਖਿਆ ਲਈ ਦੋ ਘੰਟਿਆਂ ਦਾ ਬਲੈਕ ਆਊਟ ਘੋਸ਼ਿਤ ਕੀਤਾ ਗਿਆ ਸੀ ਪਰ ਕੁਝ ਇੱਕ ਥਾਵਾਂ ਉੱਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਇਸ ਸਮੇਂ ਦੌਰਾਨ ਕੁਝ ਰਾਹਗੀਰਾਂ ਵੱਲੋਂ ਸੜਕਾਂ ਉੱਤੇ ਵਾਹਨਾਂ ਦੀ ਆਵਾਜਾਈ ਜਾਰੀ ਰੱਖੀ ਗਈ ਅਤੇ ਕੁਝ ਘਰਾਂ ਵਿੱਚ ਵੀ ਲਾਈਟਾਂ ਜਗ ਰਹੀਆਂ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੱਡੇ ਲੋਕ ਹਿੱਤਾਂ ਦੇ ਮੱਦੇਨਜ਼ਰ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਫਵਾਹਾਂ ਨੂੰ ਮੁਕੰਮਲ ਤੌਰ 'ਤੇ ਰੋਕ ਲਾਉਣ ਲਈ ਜ਼ਿਲ੍ਹਾ ਪੱਧਰੀ ਅਤੇ ਸਬ ਡਵੀਜ਼ਨ ਪੱਧਰੀ ਕੰਟਰੋਲ ਰੂਮ ਨੰਬਰ ਜਾਰੀ ਕੀਤੇ ਗਏ ਹਨ ਜੋ ਕਿ 24x7 ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ 01763-232838 ਹੈ ਜਦਕਿ ਤਹਿਸੀਲ ਫ਼ਤਹਿਗੜ੍ਹ ਸਾਹਿਬ ਵਿਖੇ 01763-299139, ਸਬ ਡਵੀਜ਼ਨ ਖਮਾਣੋ ਵਿਖੇ 01628-260700, ਸਬ ਡਵੀਜ਼ਨ ਬਸੀ ਪਠਾਣਾਂ ਵਿੱਚ 01763-251135 ਅਤੇ ਸਬ ਡਵੀਜ਼ਨ ਅਮਲੋਹ ਵਿਖੇ 01765-230076 ਉਪਲਬਧ ਕਰਵਾਏ ਗਏ ਹਨ।
ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜਿੱਥੇ ਲੋਕਾਂ ਦੀ ਸੁਰੱਖਿਆ ਲਈ ਚੌਕਸੀ ਲਗਾਤਾਰ ਜਾਰੀ ਹੈ ਓਥੇ ਹੀ ਕੋਈ ਵੀ ਵਿਅਕਤੀ, ਪੁਲਿਸ ਕੰਟਰੋਲ ਰੂਮ ਹੈਲਪਲਾਈਨ ਨੰਬਰ
8558818100 ਅਤੇ 112 ਉਤੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ।