Babushahi Special ਬਠਿੰਡਾ ਦਾ ਬੱਸ ਅੱਡਾ :ਦੀਵੇ ਬਾਲਾਂਗੇ ਹਨੇਰਿਆਂ ਦੀ ਹਿੱਕ ਤੇ ਵੇ ਝੱਖੜਾ ਤੂੰ ਝੂਲਦਾ ਰਹੀ
ਅਸ਼ੋਕ ਵਰਮਾ
ਬਠਿੰਡਾ,21 ਅਪ੍ਰੈਲ 2025: ਬਠਿੰਡਾ ’ਚ ਮਲੋਟ ਰੋਡ ਤੇ ਬਣਨ ਵਾਲੇ ਨਵੇਂ ਬੱਸ ਅੱਡੇ ਖਿਲਾਫ ਲੋਕ ਰੋਹ ਦਾ ਮੁੱਢ ਬੱਝਣ ਲੱਗਿਆ ਹੈ। ਬਠਿੰਡਾ ਸ਼ਹਿਰ ’ਚ ਇਸ ਮੁੱਦੇ ਤੇ ਬੱਝਵਾਂ ਵਿਰੋਧ ਝਲਕ ਰਿਹਾ ਹੈ ਅਤੇ ਜਨਤਕ ਧਿਰਾਂ ਆਪੋ ਆਪਣੇ ਪੈਂਤੜੇ ਨਾਲ ਮੈਦਾਨ ਵਿਚ ਉੱਤਰਨ ਦੀ ਤਿਆਰੀ ਕਰਨ ਲੱਗੀਆਂ ਹਨ। ਇੰਨ੍ਹਾਂ ਧਿਰਾਂ ਨੇ 22 ਅਪ੍ਰੈਲ ਨੂੰ ਰੋਸ ਵਿਖਾਵਾ ਕਰਕੇ ਆਪਣੀ ਰਣਨੀਤੀ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਆਉਂਦੇ ਦਿਨਾਂ ਦੌਰਾਨ ਪੂਰੀ ਬਠਿੰਡਾ ਪੱਟੀ ਦੇ ਪਿੰਡਾਂ ਸ਼ਹਿਰਾਂ ’ਚ ਨਵੇਂ ਮੋਰਚੇ ਦਾ ਮੁੱਢ ਬਝਣ ਦੀ ਆਸ ਨਜ਼ਰ ਆ ਰਹੀ ਹੈ। ਹਾਲਾਂਕਿ ਸ਼ੁਰੂਆਤੀ ਦੌਰ ’ਚ ਇਹ ਵਿਰੋਧ ਮੱਠਾ ਨਜ਼ਰ ਆਉਂਦਾ ਸੀ ਪਰ ਹੌਲੀ ਹੌਲੀ ਜਨਤਕ ਜੱਥੇਬੰਦੀਆਂ, ਵਿਦਿਆਰਥੀ ਧਿਰਾਂ ਅਤੇ ਜਮਹੂਰੀ ਆਗੂਆਂ ਤੋਂ ਇਲਾਵਾ ਸਿਆਸੀ ਲੋਕਾਂ ਨੇ ਇੱਕ ਮੋਰੀ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਇਸ ਕਥਿਤ ਲੋਕ ਵਿਰੋਧੀ ਫੈਸਲੇ ਨੂੰ ਅਮਲ ਰੂਪ ਦੇਣ ਤੋਂ ਰੋਕਿਆ ਜਾ ਸਕੇ।
ਮਾਮਲੇ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਬੱਸ ਅੱਡਾ ਵਿਰੋਧੀ ਲਹਿਰ ਖੜ੍ਹੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਈਵੇਟ ਬੱਸ ਆਪਰੇਟਰਜ਼ ਐਸੋਸੀਏਸ਼ਨ ਦੇ ਆਗੂ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਸੰਘਰਸ਼ ਦਾ ਮਕਸਦ ਬਠਿੰਡਾ ਅਤੇ ਸਰਕਾਰ ਦੇ ਇਸ ਮਾਰੂ ਫੈਸਲੇ ਖਿਲਾਫ ਘਰ-ਘਰ ਦਾ ਕੁੰਡਾ ਖੜਕਾਉਣਾ ਹੈ ਤਾਂ ਜੋ ਹਰ ਕੋਈ ਜਾਗੇ ਅਤੇ ਘਰਾਂ ’ਚੋਂ ਬਾਹਰ ਨਿਕਲਕੇ ਆਪਣਾ ਤਿੱਖਾ ਵਿਰੋਧ ਜਤਾਏ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਦੋਂ ਆਮ ਆਦਮੀ ਦੀ ਸਰਕਾਰ ਹੈ ਜਿਸ ਕਰਕੇ ਆਮ ਲੋਕਾਂ ਦੇ ਵਿਰੋਧ ਦਾ ਵੱਡਾ ਉਬਾਲ ਉੱਠਣਾ ਚਾਹੀਦਾ ਹੈ। ਮਹੱਤਵਪੂਰਨ ਤੱਥ ਹੈ ਕਿ ਬੱਸ ਅੱਡੇ ਦੇ ਨਜ਼ਦੀਕ ਅਤੇ ਹੋਰਨਾਂ ਥਾਵਾਂ ਦੇ ਕਾਰੋਬਾਰੀਆਂ ਨੇ ਪਹਿਲਾਂ ਬਹੁਤੀ ਵਿਰੋਧੀ ਅਵਾਜ਼ ਨਹੀਂ ਚੁੱਕੀ ਸੀ ਪਰ ਜਦੋਂ ਬਾਜੀ ਪੁੱਠੀ ਪੈਂਦੀ ਦਿਖਾਈ ਦਿੱਤੀ ਤਾਂ ਮਹਿਣਾ ਚੌਂਕ ਹੀ ਨਹੀਂ ਬਲਕਿ ਰੋਹ ਦੂਰ ਦੂਰ ਤੱਕ ਦੁੱਗਣੀ ਰਫਤਾਰ ਨਾਲ ਫੈਲਣ ਲੱਗਾ ਹੈ।

ਲੋਕ ਰੋਹ ਦੇ ਇਸ ਝੱਖੜ ਨੂੰ ਦੇਖਦਿਆਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਸਮੂਹ ਇਨਸਾਫਪਸੰਦ ਆਗੂਆਂ,ਵਪਾਰੀਆਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ 22 ਅਪ੍ਰੈਲ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ ਦੋ ਵਜੇ ਟੀਚਰਜ਼ ਹੋਮ ਵਿੱਖੇ ਪੁੱਜਣ ਤਾਂ ਜੋ ਸ਼ਹਿਰ ਦੇ ਦਿਲ ਮੌਜੂਦਾ ਬੱਸ ਅੱਡੇ ਨੂੰ ਸ਼ਹਿਰੋਂ ਬਾਹਰ ਮਲੋਟ ਰੋਡ ਤੇ ਲਿਜਾਣ ਦੀ ਸਾਜਿਸ਼ ਨੂੰ ਪਛਾੜਿਆ ਜਾ ਸਕੇ। ਵੇਰਵਿਆਂ ਅਨੁਸਾਰ 22 ਅਪ੍ਰੈਲ ਨੂੰ ਜੋ ਇਕੱਠ ਕੀਤਾ ਜਾ ਰਿਹਾ ਹੈ ਉਸ ਵਿੱਚ ਪ੍ਰਭਾਵਿਤ ਲੋਕਾਂ ਅਤੇ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਜਣ ਦੀ ਸੰਭਾਵਨਾ ਹੈ। ਸੰਘਰਸ਼ ਕਮੇਟੀ ਦੇ ਇਸ ਐਲਾਨ ਨਾਲ ਸਰਕਾਰ ਨੇ ਹਿਲਜੁੱਲ ਸ਼ੁਰੂ ਕਰ ਦਿੱਤੀ ਹੈ । ਸਰਕਾਰ ਨੂੰ ਡਰ ਹੈ ਕਿ ਭੜਕੇ ਲੋਕ ਕਿਤੇ ਕੋਈ ਵੱਡਾ ਐਕਸ਼ਨ ਨਾ ਕਰ ਦੇਣ। ਖੁਫੀਆ ਤੰਤਰ ਨੇ ਸਾਰਾ ਜ਼ੋਰ ਇਹੀ ਜਾਣਨ ’ਤੇ ਲਾਇਆ ਹੋਇਆ ਹੈ ਕਿ ਭਲਕੇ ਸੰਘਰਸ਼ੀ ਲੋਕ ਕਿਹੋ ਜਿਹਾ ਪ੍ਰੋਗਰਾਮ ਦੇਣਗੇ ।
ਖੁਫੀਆ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਇਹ ਵੀ ਫਿਕਰ ਸਤਾ ਰਿਹਾ ਹੈ ਕਿ ਕਿਸਾਨ ਮਜ਼ਦੂਰ ਜੱਥੇਬੰਦੀਆਂ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੂੰ ਡਟਵੀਂ ਹਮਾਇਤ ਦੇਣ ਦਾ ਐਲਾਨ ਕਰਨ ਲੱਗੀਆਂ ਹਨ। ਜਾਣਕਾਰੀ ਮੁਤਾਬਕ ਅੱਧੀ ਦਰਜਨ ਤੋਂ ਵੱਧ ਜੱਥੇਬੰਦੀਆਂ ਨੇ ਤਾਂ ਆਪਣੇ ਕਾਰਕੁੰਨਾਂ ਨੂੰ ਹਦਾਇਤ ਵੀ ਕਰ ਦਿੱਤੀ ਹੈ ਕਿ ਉਹ ਇਸ ਸੰਘਰਸ਼ ਲਈ ਤਿਆਰ ਰਹਿਣ ਅਤੇ ਹੋਰਨਾਂ ਨੂੰ ਵੀ ਲਾਮਬੰਦ ਕਰਨ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦਾ ਪ੍ਰਤੀਕਰਮ ਸੀ ਕਿ ਸਰਕਾਰ ਦਾ ਇਹ ਫੈਸਲਾ ਸਮੁੱਚੇ ਲੋਕਾਂ ਖਾਸ ਤੌਰ ਤੇ ਮਜ਼ਦੂਰ ਵਰਗ ਲਈ ਪੂਰੀ ਤਾਂ ਮਾਰੂ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ ਬਾਹਰ ਚਲੇ ਜਾਣ ਨਾਲ ਹਰ ਵਰਗ ਨੂੰ ਆਰਥਿਕ ਨੁਕਸਾਨ ਵੀ ਹੋਵੇਗਾ ਅਤੇ ਬਠਿੰਡਾ ਸ਼ਹਿਰ ਵਿਚਲੀ ਅਮਨ ਕਾਨੂੰਨ ਦੀ ਸਥਿਤੀ ਵੀ ਬੁਰੀ ਤਰਾਂ ਅਸਰਅੰਦਾਜ਼ ਹੋਵੇਗੀ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਨ ਪਹਿਲਾਂ ਤੋਂ ਹੀ ਡਿੱਕ ਡੋਲੇ ਖਾ ਰਹੀ ਹੈ।
ਇੱਥੇ ਜਾਣ ਵਾਲਿਆਂ ਨੂੰ ਰਗੜਾ
ਮਲੋਟ ਰੋਡ ਤੇ ਬੱਸ ਅੱਡਾ ਸ਼ਿਫਟ ਹੋਣ ਨਾਲ ਸਭ ਤੋਂ ਵੱਡੀ ਸਮੱਸਿਆ ਜਿਲ੍ਹਾ ਕਚਹਿਰੀਆਂ, ਆਮਦਨ ਕਰ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪੂ, ਤਹਿਸੀਲਦਾਰ, ਡਿਪਟੀ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਸਮੂਹ ਦਫਤਰਾਂ ਵਾਲੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਕੰਮ ਧੰਦੇ ਲਈ ਜਾਣ ਵਾਲਿਆਂ ਨੂੰ ਆਵੇਗੀ ਜੋ ਮੌਜੂਦਾ ਬੱਸ ਅੱਡੇ ਦੇ ਨਜ਼ਦੀਕ ਹੈ। ਪਿੰਡਾਂ ਸ਼ਹਿਰਾਂ ਅਤੇ ਹੋਰਨਾਂ ਸੂਬਿਆਂ ਚੋਂ ਆਉਂਦੇ ਲੋਕਾਂ ਲਈ ਵੀ ਬੱਸ ਅੱਡਾ ਇੱਕ ਮਹੱਤਵਪੂਰਨ ਸਹੂਲਤ ਹੈ ਜੋਕਿ ਤਬਦੀਲ ਹੋਣ ਨਾਲ ਖਤਮ ਹੋ ਜਾਏਗੀ। ਮਾਲ ਵਿਭਾਗ ਬਠਿੰਡਾ ਚੋਂ ਸੇਵਾਮੁਕਤ ਹੋਏ ਬਜ਼ੁਰਗ ਮੁਲਾਜਮ ਕੁਲਵੰਤ ਸਿੰਘ ਦਾ ਕਹਿਣਾ ਸੀ ਜਦੋਂ ਇਹ ਬੱਸ ਅੱਡੇ ਦੀ ਉਸਾਰਿਆ ਗਿਆ ਤਾਂ ਇੰਨ੍ਹਾਂ ਦਫਤਰਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਰੱਖਿਆ ਗਿਆ ਸੀ।
ਤਾਕਤੀ ਪਰੇਡ ਲਈ ਤਿਆਰ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਬੱਸ ਅੱਡੇ ਸਬੰਧੀ ਲੋਕ ਰਾਏ ਲਈ ਜਾਏਗੀ ਪਰ ਪਿਛਲੇ ਦਿਨਾਂ ਤੋਂ ਲੋਕ ਆਪਣੇ ਮਸਲਿਆਂ ਲਈ ਦੁਹਾਈਆਂ ਪਾ ਰਹੇ ਹਨ ਪਰ ਮੁੱਖ ਮੰਤਰੀ ਕੋਲ ਉਨ੍ਹਾਂ ਦੀ ਗੱਲ ਸੁਣਨ ਵਾਸਤੇ ਵਿਹਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੰਜੀਦਾ ਹੁੰਦੀ ਤਾਂ ਹੋਣ ਤੱਕ ਲੋਕਾਂ ਦੀ ਗੱਲ ਸੁਣੀ ਜਾਣੀ ਸੀ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸੇ ਨੇ ਬਾਤ ਨਹੀਂ ਪੁੱਛੀ ਤਾਂ ਲੋਕ ਆਪਣੀ ਤਾਕਤ ਦਿਖਾਉਣ ਲਈ ਤਿਆਰ ਹੋਣ ਲੱਗੇ ਹਨ।