ਹੜ੍ਹਾਂ ਦੀ ਮਾਰ : ਧਨੇਰ ਵੱਲੋਂ ਲੋਕਾਂ ਦੀ ਸਹਾਇਤਾ ਤੇ ਜਥੇਬੰਦਕ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ
ਅਸ਼ੋਕ ਵਰਮਾ
ਬਰਨਾਲਾ, 7 ਸਤੰਬਰ 2025: ਪੰਜਾਬ ਦੇ ਲੱਗਭੱਗ 2000 ਪਿੰਡ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਲਗਭਗ 5 ਲੱਖ ਏਕੜ ਜ਼ਮੀਨ ਵਿੱਚੋਂ ਫ਼ਸਲਾਂ ਬਰਬਾਦ ਹੋ ਗਈਆਂ, ਘਰ ਢਹਿ ਗਏ, ਪਸ਼ੂ ਮਰ ਗਏ, ਸਮਾਨ ਰੁੜ ਗਿਆ ਅਤੇ 50 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਅਜਿਹੇ ਸਮਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ 'ਸੇਵਾ ਅਤੇ ਸੰਘਰਸ਼' ਦੇ ਬੁਨਿਆਦੀ ਅਸੂਲ ਤਹਿਤ ਆਪਣੇ ਲੋਕਾਂ ਦੇ ਦੁੱਖ ਵਿੱਚ ਤਨ ਮਨ ਧਨ ਨਾਲ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਾਜ਼ਿਲਕਾ ਜ਼ਿਲੇ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਕੰਬੋਜ ਲਾਧੂਕਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੋ ਵਾਰ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਲੋੜਾਂ ਨੂੰ ਜਾਣਿਆ ਗਿਆ ਅਤੇ ਜਥੇਬੰਦੀ ਵੱਲੋਂ ਪੰਜ ਪਿੰਡਾਂ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਗਏ। ਜ਼ਿਲ੍ਹੇ ਦੇ 22 ਪਿੰਡ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਹਨ।
ਮੁਹਾਰ ਜਮਸ਼ੇਰ, ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾਂ ਨਾਨਕਾ, ਢਾਣੀ ਲਾਭ ਸਿੰਘ, ਮਹਾਤਮ ਨਗਰ, ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ ਇਕ, ਵੱਲੇ ਸ਼ਾਹ ਹਿਠਾੜ, ਢਾਣੀ ਸੱਦਾ ਸਿੰਘ, ਗੁੱਦੜ ਭੈਣੀ, ਘੁਰਕਾ, ਢਾਣੀ ਮੋਹਣਾ ਰਾਮ, ਵੱਲੇ ਸ਼ਾਹ ਉਤਾੜ ਦੀਆਂ ਢਾਣੀਆਂ, ਮੁਹਾਰ ਖੀਵਾ, ਮੁਹਾਰ ਸੋਨਾ, ਮੁਹਾਰ ਖੀਵਾ ਭਵਾਨੀ, ਰੇਤੇ ਵਾਲੀ ਢਾਣੀ, ਕਾਵਾਂ ਵਾਲੀ, ਢਾਣੀ ਬਚਨ ਸਿੰਘ, ਨੂਰ ਸ਼ਾਹ, ਮਨਸਾ 2, ਪਾਰ ਦਾ ਮਨਸ਼ਾ, ਸਥਾਨ ਵਾਲਾ ਆਦਿ ਪਿੰਡਾਂ ਵਿੱਚ 6 ਤੋਂ 10 ਫੁੱਟ ਤੱਕ ਪਾਣੀ ਹੈ।ਫਾਜ਼ਿਲਕਾ ਜ਼ਿਲ੍ਹੇ ਵਿੱਚ ਐਨਡੀਆਰਐਫ ਤੋਂ ਇਲਾਵਾ ਲੋਕਾਂ ਦੀ ਮੱਦਦ ਲਈ ਪੁਲੀਸ, ਸੀਆਰਪੀਐਫ ਵਗੈਰਾ ਕੋਈ ਏਜੰਸੀ ਨਹੀਂ ਪਹੁੰਚੀ। ਜਦੋਂ ਤੱਕ ਐਨਡੀਆਰਐਫ ਦੀ ਟੀਮ ਪਹੁੰਚੀ, ਉਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਵਰਕਰਾਂ ਅਤੇ ਖਾਸ ਕਰਕੇ ਨੌਜਵਾਨਾਂ ਨੇ ਮੁੱਢ ਤੋਂ ਹੀ ਮੋਰਚਾ ਸਾਂਭ ਲਿਆ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ, ਲੱਗਭਗ 100 ਨੌਜ਼ਵਾਨਾਂ ਦੀ ਟੀਮ 18-18 ਘੰਟੇ ਕੰਮ ਕਰਦੀ ਹੈ ਅਤੇ ਪਿੰਡਾਂ ਵਿੱਚੋਂ ਸਮਾਨ ਲਿਆ ਕੇ ਸਪਲਾਈ ਕਰ ਰਹੀ ਹੈ। ਜਥੇਬੰਦੀ ਵੱਲੋਂ ਲਾਧੂਕਾ, ਸਲੇਮ ਸ਼ਾਹ, ਨੂਰ ਸ਼ਾਹ, ਸਦੀਕ ਵਾਲਾ ਅਤੇ ਮੌਜਮ ਵਿਖੇ ਪੰਜ ਥਾਵਾਂ 'ਤੇ ਰਾਹਤ ਕੈਂਪ ਚਲਾਏ ਜਾ ਰਹੇ ਹਨ। ਪਿੰਡ ਇਕਾਈਆਂ ਪਿੰਡਾਂ ਵਿੱਚੋਂ ਵਾਰੋ ਵਾਰੀ ਲੰਗਰ ਲੈ ਕੇ ਰਾਹਤ ਕੈਂਪਾਂ ਵਿੱਚ ਪਹੁੰਚਦੀਆਂ ਹਨ। ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਦੀ ਹਰ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਵੀ ਫਾਜ਼ਿਲਕਾ ਅਤੇ ਸੁਲਤਾਨ ਪੁਰ ਲੋਧੀ (ਕਪੂਰਥਲਾ) ਵਿਖੇ ਜਾਕੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈ ਚੁੱਕੇ ਹਨ।
ਇਸੇ ਹੀ ਤਰ੍ਹਾਂ ਫਿਰੋਜ਼ਪੁਰ ਵਿਖੇ ਰਾਹਤ ਕੈਂਪਾਂ ਦੀ ਅਗਵਾਈ ਹਰਨੇਕ ਸਿੰਘ ਮਹਿਮਾ, ਜੰਗੀਰ ਸਿੰਘ ਖਹਿਰਾ, ਗੁਲਜ਼ਾਰ ਸਿੰਘ ਕੱਬਰਵੱਛਾ ਅਤੇ ਲਖਬੀਰ ਸਿੰਘ ਡੋਡ ਆਦਿ ਆਗੂ ਕਰ ਰਹੇ ਹਨ। ਇਸ ਜਿਲ੍ਹੇ ਦੇ ਆਗੂ ਅਤੇ ਵਰਕਰ ਪਿੰਡ ਹਬੀਬ ਕੇ, ਪੱਲਾ ਮੇਘਾ, ਗਿਲਚੇ ਅਤੇ ਹੁਸੈਨੀਵਾਲਾ ਵਿਖੇ ਸੇਵਾ ਵਿੱਚ ਡਟੇ ਹੋਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੰਬੋਆਂ ਵਾਲੀ ਦੇ ਨੌਜਵਾਨ ਭਾਕਿਯੂ ਏਕਤਾ-ਡਕੌਂਦਾ ਪਿੰਡ ਇਕਾਈ ਦੇ ਨੌਜਵਾਨ ਪ੍ਰਧਾਨ ਰਵਿੰਦਰ ਸਿੰਘ ਦੀ ਅਗਵਾਈ ਹੇਠ ਪਿਛਲੇ ਪੰਜ ਦਿਨਾਂ ਤੋਂ ਦਿਨ ਰਾਤ ਹਬੀਬ ਕੇ ਬੰਨ ਬਣਾਉਣ ਵਿੱਚ ਡਟੇ ਹੋਏ ਹਨ। ਅੱਜ ਹੀ ਜਿਲ੍ਹੇ ਦੇ ਪਿੰਡ ਸ਼ਕੂਰ ਵੱਲੋਂ 12 ਟਰਾਲੀਆਂ ਮਿੱਟੀ ਦੀਆਂ ਫਤਿਹਗੜ੍ਹ ਵਿਖੇ ਬੰਨ੍ਹ ਵਾਸਤੇ ਭੇਜੀਆਂ ਗਈਆਂ ਹਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਾਂਦਰਾ ਵੱਲੋਂ, ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਧਾਂਦਰਾ, ਬਲਾਕ ਸਕੱਤਰ ਅਜੀਤ ਸਿੰਘ ਧਾਂਦਰਾ ਦੀ ਅਗਵਾਈ ਹੇਠ ਅੱਜ 350 ਬੋਰੀਆਂ ਮਿੱਟੀ ਦੀਆਂ ਸਸਰਾਲੀ ਬੰਨ੍ਹ ਤੇ ਭੇਜੀਆਂ ਗਈਆਂ ਹਨ।
ਇਸੇ ਤਰ੍ਹਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਸ਼ਨ, ਚਾਰਾ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਲਗਾਤਾਰ ਭੇਜਿਆ ਜਾ ਰਿਹਾ ਹੈ। ਜਥੇਬੰਦੀ ਦੀ 1 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਲੋਕ ਘਰਾਂ ਨੂੰ ਪਰਤਣਗੇ ਤਾਂ ਉਨ੍ਹਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਲਈ ਜ਼ਮੀਨ ਪੱਧਰੀ ਕਰਨ ਵਾਸਤੇ ਟਰੈਕਟਰ, ਡੀਜ਼ਲ, ਖਾਦ ਅਤੇ ਬੀਜ ਦੀ ਲੋੜ ਪਵੇਗੀ। ਇਸ ਤੋਂ ਇਲਾਵਾ ਜ਼ਿੰਦਗੀ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਹੋਰ ਵੀ ਬੜੀਆਂ ਜ਼ਰੂਰਤਾਂ ਸਾਹਮਣੇ ਆਉਣਗੀਆਂ। ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਕਰ ਤਿਆਰੀਆਂ ਵਿੱਚ ਜੁਟੇ ਹੋਏ ਹਨ।
ਸੂਬਾ ਕਮੇਟੀ ਨੇ ਸੱਦਾ ਦਿੱਤਾ ਹੈ ਕਿ ਲੋਕਾਂ ਦੀ ਤੁਰੰਤ ਮੱਦਦ ਕਰਨ ਦੇ ਨਾਲ ਨਾਲ ਹੜ੍ਹਾਂ ਲਈ ਜ਼ਿੰਮੇਵਾਰ ਕਾਰਪੋਰੇਟ ਪੱਖੀ ਸਮਾਜਿਕ ਪ੍ਰਬੰਧ ਦਾ ਪਰਦਾਫਾਸ਼ ਕਰਨ ਦਾ ਕੰਮ ਜਾਰੀ ਰੱਖਿਆ ਜਾਵੇ ਕਿਉਂਕਿ ਹੜ੍ਹ ਕੋਈ ਕੁਦਰਤੀ ਕਰੋਪੀ ਨਹੀਂ ਸਗੋਂ ਕਾਰਪੋਰੇਟਾਂ ਦੇ ਮੁਨਾਫਿਆਂ ਦੀ ਹਵਸ਼ ਕਾਰਨ ਤਾਪਮਾਨ ਵਿੱਚ ਵਾਧਾ, ਵਿਕਾਸ ਦੇ ਨਾਂ ਤੇ ਕੁਦਰਤ ਨਾਲ ਛੇੜਛਾੜ ਅਤੇ ਜੰਗਲਾਂ ਦੀ ਬੇਤਹਾਸ਼ਾ ਕਟਾਈ ਹੜਾਂ ਦਾ ਮੁੱਖ ਕਾਰਨ ਹੈ। ਸੂਬਾ ਕਮੇਟੀ ਆਗੂਆਂ ਨੇ ਕਿਹਾ ਕਿ ਸਮਾਂ ਮਿਲਦੇ ਹੀ ਮੁਆਵਜ਼ਾ ਲੈਣ ਅਤੇ ਹੜ੍ਹਾਂ ਨੂੰ ਰੋਕਣ ਦਾ ਪੱਕਾ ਪ੍ਰਬੰਧ ਕਰਵਾਉਣ ਲਈ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।