ਸੜਕ ਸੁਰੱਖਿਆ ਹਫ਼ਤੇ ਦੌਰਾਨ ਐਚਐਮਈਐਲ ਵੱਲੋਂ ਵੱਖ ਵੱਖ ਪਹਿਲਕਦਮੀਆਂ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ2025: ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਐਚਐਮਈਐਲ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਹਫ਼ਤੇ ਤਹਿਤ ਐਚਐਮਈਐਲ ਦੇ ਸੀਓਓ ਸ਼੍ਰੀ ਏਐਸ ਬਾਸੂ ਦੀ ਅਗਵਾਈ ਹੇਠ 5ਹਜ਼ਾਰ ਕਰਮਚਾਰੀਆਂ ਅਤੇ ਕਾਮਿਆਂ ਨੂੰ ਜਾਗਰੂਕ ਬਣਾਉਣ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ, ਟਾਊਨਸ਼ਿਪ ਵਿੱਚ ਕਰਮਚਾਰੀ ਪਰਿਵਾਰਾਂ ਅਤੇ ਮਿਲੇਨੀਅਮ ਸਕੂਲ ਵਿਖੇ ਬੱਚਿਆਂ ਲਈ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਖੇ 319 ਟੈਂਕਰ ਟਰੱਕ ਡਰਾਈਵਰਾਂ ਲਈ ਤਿੰਨ ਰੋਜ਼ਾ ਏਕੀਕ੍ਰਿਤ ਸੁਰੱਖਿਆ ਸਿਖਲਾਈ ਕੈਂਪ ਲਾਇਆ ਗਿਆ। ਰਿਫਾਇਨਰੀ ਦੇ ਆਲੇ-ਦੁਆਲੇ ਦੇ 19 ਪਿੰਡਾਂ ਵਿੱਚ ਸੜਕ ਹਾਦਸਿਆਂ ਨੂੰ ਰੋਕਣ ਲਈ ਗ੍ਰਾਮ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ 114 ਸ਼ੀਸ਼ੇ ਲਾਏ ਗਏ। ਕਰਨਲ (ਸੇਵਾਮੁਕਤ) ਆਰ.ਕੇ. ਸ਼ਰਮਾ ਨੇ ਰੱਖਿਆਤਮਕ ਡਰਾਈਵਿੰਗ ’ਤੇ ਵਿਸ਼ੇਸ਼ ਸੈਸ਼ਨਾਂ ਰਾਹੀਂ ਜਾਣਕਾਰੀ ਦਿੱਤੀ, ਜਿਸ ਦਾ ਉਦੇਸ਼ ਡਰਾਈਵਿੰਗ ਵਿੱਚ ਸੁਧਾਰ ਕਰਨਾ ਅਤੇ ਸੁਰੱਖਿਆ ਨਾਲ ਸਬੰਧਤ ਵਿਵਹਾਰ ਵਿੱਚ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਤ ਕਰਨਾ ਸੀ।
ਇਸ ਤੋਂ ਇਲਾਵਾ, ਬ੍ਰਹਮਕੁਮਾਰੀ ਰਾਮਾ ਸੈਂਟਰ ਦੇ ਮਾਹਰਾਂ ਨੇ ਤਣਾਅ ਪ੍ਰਬੰਧਨ, ਧਿਆਨ ਅਤੇ ਮਾਨਸਿਕ ਸਿਹਤ ਬਾਰੇ ਮਾਰਗ ਦਰਸ਼ਨ ਦਿੱਤਾ। ਇਸ ਦੌਰਾਨ ਹੈਕਟਰ ਫਲੋਰਸ, ਵੀਪੀ- ਸੇਫਟੀ ਦੁਆਰਾ ਤਿੰਨ ਰੋਜ਼ਾ ਏਕੀਕ੍ਰਿਤ ਸੁਰੱਖਿਆ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦੌਰਾਨ 319 ਟੈਂਕਰ ਟਰੱਕ (ਟੀਟੀ) ਚਾਲਕ ਦਲ ਦੇ ਮੈਂਬਰਾਂ ਨੇ ਸੜਕ ਸੁਰੱਖਿਆ ਨਿਯਮਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਸ਼੍ਰੀ ਅਰੁਣ ਭਾਰਦਵਾਜ (ਵੀਪੀ ਓਪਰੇਸ਼ਨਲ ਐਕਸੀਲੈਂਸ), ਜਿਨ੍ਹਾਂ ਨੇ 17 ਜਨਵਰੀ ਨੂੰ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲਿਆ, ਨੇ ਕੈਂਪ ਵਿੱਚ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸਿੱਖੀਆਂ ਗਈਆਂ ਸੁਰੱਖਿਆ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸੁਰੱਖਿਆ ਉਪਾਵਾਂ ਨੂੰ ਆਪਣੇ ਸਹਿਕਰਮੀਆਂ ਨਾਲ ਸਾਂਝਾ ਕਰਨਾ ਜ਼ਰੂਰੀ ਹੈ ਤਾਂ ਜੋ ਐਚਐਮਈਐਲ ਨੂੰ ਇੱਕ ਘਟਨਾ ਅਤੇ ਸੱਟ ਮੁਕਤ ਕਾਰਜ ਸਥਾਨ ਬਣਾਇਆ ਜਾ ਸਕੇ।
ਇਸ ਮੌਕੇ ਸ੍ਰੀ ਵਿਸ਼ਵਾਸ ਗੌੜ (ਡੀਜੀਐਮ ਮਾਰਕੀਟਿੰਗ) ਅਤੇ ਸ੍ਰੀ ਗੁਲਸ਼ਨ ਗੁੰਬਰ (ਏਜੀਐਮ ਮਾਰਕੀਟਿੰਗ), ਸ੍ਰੀ ਅਮਨ ਚੱਪੜਾ, ਏਜੀਐਮ- ਸੇਫਟੀ ਅਤੇ ਬ੍ਰਹਮਾ ਕੁਮਾਰੀ ਰਾਮਾ ਕੇਂਦਰ ਦੇ ਵਿਸ਼ੇਸ਼ ਮਹਿਮਾਨ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ, ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਸੁਰੱਖਿਆ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਵਿੱਚ ਹੈਲਮੇਟ, ਸੁਰੱਖਿਆ ਚਸ਼ਮੇ, ਦਸਤਾਨੇ ਅਤੇ ਵਾਹਨ ਰਿਫਲੈਕਟਰ ਸ਼ਾਮਲ ਸਨ। ਇਸ ਮੁਹਿੰਮ ਦਾ ਮੁੱਖ ਕੇਂਦਰ ’ਵੀ ਆਰ ਰੋਡ ਸੇਫਟੀ ਹੀਰੋ’ ਪ੍ਰੋਗਰਾਮ ਸੀ, ਜਿਸ ਵਿਚ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦਾ ਸੰਦੇਸ਼ ਫੈਲਾਉਣ ਲਈ ਮਿਥਿਹਾਸਕ ਪਾਤਰਾਂ ਰਾਹੀਂ ਇਕ ਨਾਟਕ ਪੇਸ਼ ਕੀਤਾ ਗਿਆ।ਪਿੰਡ ਦੀਆਂ ਪੰਚਾਇਤਾਂ ਤੋਂ ਇਲਾਵਾ ਪਿੰਡ ਦੇ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਨੂੰ ਸੜਕ ਸੁਰੱਖਿਆ ਬਾਰੇ ਵੀ ਜਾਗਰੂਕ ਕੀਤਾ ਗਿਆ।