ਸਿਹਤ ਵਿਭਾਗ ਵਿਅਕਤੀਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਯਤਨਸ਼ੀਲ : ਸਿਵਲ ਸਰਜਨ
- ਜ਼ਿਲ੍ਹੇ ਦੇ ਆਯੂਸ਼ਮਾਨ ਆਰੋਗਿਆ ਕੇੰਦਰਾਂ ਵਿੱਚ ਆਯੂਸ਼ਮਾਨ ਸਿਹਤ ਮੇਲਿਆਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 18 ਜਨਵਰੀ,2025 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹੇ ਦੇ ਆਯੂਸ਼ਮਾਨ ਆਰੋਗਿਆ ਕੇੰਦਰਾਂ ਵਿੱਚ ਸ਼ਨਿੱਚਰਵਾਰ ਨੂੰ ਆਯੂਸ਼ਮਾਨ ਸਿਹਤ ਮੇਲਿਆਂ ਦਾ ਆਯੋਜਨ ਕੀਤਾ। ਇਨ੍ਹਾਂ ਸਿਹਤ ਮੇਲਿਆਂ ਵਿੱਚ, ਬਲੱਡ ਪ੍ਰੈਸ਼ਰ, ਸ਼ੂਗਰ, ਏ.ਐੱਨ.ਸੀ. ਜਾਂਚ, ਟੀ.ਬੀ. ਸਕਰੀਨਿੰਗ ਆਦਿ ਸਮੇਤ ਹੋਰ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਜਾਂਚ ਕੀਤੀ ਗਈ ਤੇ ਲੋੜ ਅਨੁਸਾਰ ਮੁਫਤ ਦਵਾਈਆਂ ਅਤੇ ਲੋੜੀਂਦੀ ਡਾਕਟਰੀ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਆਏ ਸਥਾਨਕ ਲੋਕਾਂ ਨੂੰ ਤਣਾਅ ਪ੍ਰਬੰਧਨ ਲਈ ਯੋਗਾ ਕਿਰਿਆਵਾਂ ਬਾਰੇ ਦੱਸਿਆ ਗਿਆ। ਇਹੀ ਨਹੀਂ, ਇਸ ਮੌਕੇ ਆਮ ਲੋਕਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਬਾਰੇ ਵਡਮੁੱਲੀ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।
ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਮੇਲਿਆਂ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੇ ਲਾਭ ਇੱਕੋ ਥਾਂ 'ਤੇ ਉਪਲੱਬਧ ਕਰਵਾਏ ਗਏ। ਇਨ੍ਹਾਂ ਸਿਹਤ ਕੇਂਦਰਾਂ ਵਿੱਚ ਲਗਾਏ ਗਏ ਸਿਹਤ ਮੇਲਿਆਂ ਵਿੱਚ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਉਠਾਇਆ। ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਮੇਲਿਆਂ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਸਮਾਜ ਦੇ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀਆਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਅਤੇ ਸਿਹਤ ਸੇਵਾਵਾਂ ਤੋਂ ਵਾਂਝੇ ਲੋਕਾਂ ਦੀ ਪਹੁੰਚ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਜਨਤਾ ਲਈ ਪਹੁੰਚਯੋਗ ਬਣਾਉਣਾ ਮਹੱਤਵਪੂਰਨ ਹੈ।