ਸ਼੍ਰੀ ਸ਼ਿਵ ਮਹਾਂਪੁਰਾਣ:ਮਹਿਲਾਵਾਂ ਵੱਲੋਂ ਕੱਢੀ ਕਲਸ਼ ਯਾਤਰਾ ਦਾ ਸ਼ਹਿਰ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ
ਅਸ਼ੋਕ ਵਰਮਾ
ਬਠਿੰਡਾ,5 ਮਾਰਚ 2025 ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਜਤਨਸ਼ੀਲ ਮਹਿਤਾ ਪਰਿਵਾਰ ਵੱਲੋਂ ਬਠਿੰਡਾ ਵਿੱਚ ਕਰਵਾਈ ਜਾ ਰਹੀ ਦੂਸਰੀ ਇਤਿਹਾਸਿਕ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦਾ 6 ਮਾਰਚ ਨੂੰ ਆਗਾਜ਼ ਹੋਣ ਜਾ ਰਿਹਾ ਹੈ। ਅੱਜ ਪ੍ਰਾਚੀਨ ਸ਼੍ਰੀ ਹਨੁੰਮਾਨ ਮੰਦਿਰ, ਪੋਸਟ ਆਫਿਸ ਬਾਜ਼ਾਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਰਵਾਨਾ ਹੋਈ, ਜਿਸ ਵਿੱਚ ਸੈਂਕੜੇ ਮਹਿਲਾਵਾਂ ਕਲਸ਼ ਲੈ ਕੇ ਪਹੁੰਚੀਆਂ ਸਨ। ਇਸ ਦੌਰਾਨ ਝੰਡਾ ਯਾਤਰਾ ਵੀ ਨਾਲ ਹੀ ਚੱਲ ਰਹੀ ਸੀ। ਸ਼ੋਭਾ ਯਾਤਰਾ ਧੋਬੀ ਬਾਜ਼ਾਰ, ਫਾਇਰ ਬ੍ਰਿਗੇਡ ਚੌਂਕ, ਮਾਲ ਰੋਡ ਤੋਂ ਹੁੰਦੇ ਹੋਏ ਸ਼੍ਰੀ ਹਨੁੰਮਾਨ ਜੀ ਦੀ ਮੂਰਤੀ ਦੇ ਨੇੜੇ ਸਮਾਪਤ ਹੋਈ। ਇਸ ਤੋਂ ਪਹਿਲਾਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਬਬੀਤਾ ਮਹਿਤਾ, ਆਪਣੇ ਸਪੁੱਤਰ ਅਤੇ ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਸਮੇਤ ਆਪਣੇ ਸਾਰੇ ਪਰਿਵਾਰ ਨਾਲ ਸ਼੍ਰੀ ਹਨੁੰਮਾਨ ਮੰਦਿਰ ਵਿੱਚ ਪੂਜਾ ਕੀਤੀ।
ਉਸ ਤੋਂ ਬਾਅਦ ਪੂਰੀ ਧਾਰਮਿਕ ਮਰਿਆਦਾ ਅਨੁਸਾਰ "ਸ਼੍ਰੀ ਸ਼ਿਵ ਮਹਾਂਪੁਰਾਣ" ਨੂੰ ਆਪਣੇ ਸਿਰ 'ਤੇ ਰੱਖ ਕੇ ਸ਼੍ਰੀ ਅਮਰਜੀਤ ਮਹਿਤਾ ਯਾਤਰਾ ਵਿੱਚ ਸ਼ਾਮਿਲ ਹੋਏ ਅਤੇ ਸਨਮਾਨ ਸਮੇਤ "ਸ਼੍ਰੀ ਸ਼ਿਵ ਮਹਾਂਪੁਰਾਣ" ਨੂੰ ਕਥਾ ਵਾਲੀ ਜਗ੍ਹਾ 'ਤੇ ਪਹੁੰਚਾਇਆ। ਮਹਿਲਾਵਾਂ ਨੇ ਸ਼੍ਰੀ ਹਨੁੰਮਾਨ ਜੀ ਦੀ ਮੂਰਤੀ ਦੇ ਨੇੜੇ ਆਪਣੇ ਕਲਸ਼ ਅਰਪਿਤ ਕੀਤੇ। ਇਸ ਯਾਤਰਾ ਵਿੱਚ ਹਾਥੀ, ਘੋੜੇ, ਉੱਠ ਸ਼ਾਮਿਲ ਹੋਏ, ਜਿਨ੍ਹਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੀ। ਯਾਤਰਾ ਵਿੱਚ ਬੈਂਡ ਅਤੇ ਢੋਲ ਦੀ ਥਾਪ 'ਤੇ ਸ਼ਰਧਾਲੂਆਂ ਨੇ ਸ਼੍ਰੀ ਭੋਲੇ ਨਾਥ ਦੇ ਜੈਕਾਰਿਆਂ ਦੇ ਨਾਲ ਨੱਚ ਨੱਚ ਕੇ ਧਰਤੀ ਹਿਲਾਈ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ, ਸ਼੍ਰੀਮਤੀ ਬਬੀਤਾ ਮਹਿਤਾ ਵੀ ਸ਼ਰਧਾਲੂਆਂ ਸੰਗ ਨੱਚਦੇ ਨਜ਼ਰ ਆਏ। ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਜਗ੍ਹਾ ਜਗ੍ਹਾ 'ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਜਗ੍ਹਾ ਜਗ੍ਹਾ ਪਾਣੀ, ਚਾਹ, ਪਕੌੜੇ, ਫਰੂਟ ਅਤੇ ਲੱਡੂ ਵੰਡੇ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਠਿੰਡਾ ਵਿੱਚ ਵਿਸ਼ਾਲ ਮਹਾਂ ਯੱਗ "ਸ੍ਰੀ ਸ਼ਿਵ ਮਹਾਂਪੁਰਾਣ ਕਥਾ" ਦੇ ਤੌਰ 'ਤੇ ਹੋਣ ਜਾ ਰਿਹਾ ਹੈ। ਜਿਸਦੇ ਲਈ ਬਠਿੰਡਾ ਵਾਸੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ।
ਉਹਨਾਂ ਕਿਹਾ ਕਿ ਅੱਜ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਸ਼ਰਧਾਲੂਆਂ ਸਮੇਤ ਯਾਤਰਾ ਲਈ ਸੇਵਾ ਨਿਭਾਉਣ ਵਾਲੇ ਸ਼ਹਿਰ ਵਾਸੀਆਂ ਦਾ ਉਤਸਾਹ ਦੇਖਦਿਆਂ ਹੀ ਬਣਦਾ ਸੀ। ਉਨ੍ਹਾਂ ਯਾਤਰਾ ਵਿੱਚ ਸ਼ਾਮਿਲ ਹੋਏ ਸ਼ਰਧਾਲੂਆਂ ਸਮੇਤ ਯਾਤਰਾ ਲਈ ਸੇਵਾ ਨਿਭਾਉਣ ਵਾਲੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਭਗਵਾਨ ਭੋਲੇ ਨਾਥ ਸਮਾਜ ਵਿੱਚ ਪਿਆਰ ਅਤੇ ਏਕਤਾ ਬਣਾਏ ਰੱਖਣ, ਸਾਰਿਆਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ, ਇਹੀ ਭਗਵਾਨ ਸ਼ਿਵ ਸ਼ੰਕਰ ਦੇ ਸਾਹਮਣੇ ਅਰਦਾਸ ਹੈ। ਉਨ੍ਹਾਂ ਮੀਡੀਆ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੀਡੀਆ ਭਾਈਚਾਰੇ ਵੱਲੋਂ ਵੀ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਨੂੰ ਉਤਸ਼ਾਹਿਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਬਠਿੰਡਾ ਸਮੇਤ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਠਿੰਡਾ ਵਿੱਚ 6 ਮਾਰਚ ਤੋਂ 12 ਮਾਰਚ ਤੱਕ ਕਰਵਾਈ ਜਾ ਰਹੀ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਵੱਧ ਤੋਂ ਵੱਧ ਤਾਦਾਦ ਵਿੱਚ ਪਹੁੰਚ ਕੇ ਕਥਾ ਦਾ ਲਾਭ ਲੈਣ।
ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਦਿਨ 6 ਮਾਰਚ ਤੋਂ 8 ਮਾਰਚ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਅਖੀਰਲੇ ਚਾਰ ਦਿਨ 9 ਮਾਰਚ ਤੋਂ 12 ਮਾਰਚ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਜੀ ਸੀਹੋਰ ਵਾਲਿਆਂ ਵੱਲੋਂ ਸ਼੍ਰੀ ਵੈਸ਼ਨੋ ਮਾਤਾ ਮੰਦਿਰ, ਪਟੇਲ ਨਗਰ ਦੇ ਨੇੜੇ ਆਪਣੇ ਮੁਖਾਰਬਿੰਦ ਰਾਹੀਂ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਾ ਵਿੱਚ ਹਿੱਸਾ ਲੈਣ ਲਈ ਮੁਫ਼ਤ ਪਾਸ ਦੀ ਵਿਵਸਥਾ ਕੀਤੀ ਗਈ ਹੈ, ਆਨਲਾਈਨ ਵੀ ਪਾਸ ਬੁੱਕ ਕੀਤੇ ਜਾ ਸਕਦੇ ਹਨ ਅਤੇ ਜੇਕਰ ਕੋਈ ਸ਼ਰਧਾਲੂ ਪਾਸ ਤੋਂ ਵੰਚਿਤ ਰਹਿੰਦਾ ਹੈ, ਤਾਂ ਉਸਦੇ ਲਈ ਵੀ ਤਿੰਨ ਗੇਟ ਅਲੱਗ ਤੋਂ ਸਥਾਪਿਤ ਕੀਤੇ ਗਏ ਹਨ, ਤਾਂ ਜੋ ਕੋਈ ਵੀ ਸ਼ਰਧਾਲੂ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਨ ਤੋਂ ਵੰਚਿਤ ਨਾ ਰਹਿ ਜਾਣ। ਉਨ੍ਹਾਂ ਦੱਸਿਆ ਕਿ ਇਸ ਵਾਰ 20 ਏਕੜ ਜਗ੍ਹਾ 'ਤੇ ਸ਼ਰਧਾਲੂਆਂ ਲਈ ਰਹਿਣ, ਖਾਣ ਪੀਣ ਸਮੇਤ ਬਹੁਤ ਚੰਗੇ ਅਤੇ ਵੱਡੇ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਵਾਸੀਆਂ ਲਈ ਇਹ ਬੜੇ ਹੀ ਭਾਗਾਂ ਵਾਲੀ ਗੱਲ ਹੈ ਕਿ ਦੂਸਰੀ ਵਾਰ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦਾ ਸ਼ੁਭ ਆਰੰਭ 6 ਮਾਰਚ ਨੂੰ ਬਠਿੰਡਾ ਦੀ ਧਰਤੀ 'ਤੇ ਹੋਣ ਜਾ ਰਿਹਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕਥਾ ਵਿੱਚ ਆਪਣੇ ਪਰਿਵਾਰ ਸਮੇਤ ਵੱਧ ਤੋਂ ਵੱਧ ਸੰਖਿਆ ਵਿੱਚ ਭਾਗ ਲੈਣ ਅਤੇ ਕਥਾ ਸੁਣ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਸਫਲ ਬਣਾਉਣ।
ਉਨ੍ਹਾਂ ਦੱਸਿਆ ਕਿ ਇਸ ਵਾਰ ਕਥਾ ਵਾਲੀ ਜਗ੍ਹਾ 'ਤੇ ਮੁਫ਼ਤ ਵਿੱਚ ਬੜੇ ਚੰਗੇ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਲਈ ਮੋਬਾਈਲ ਟੁਆਇਲੈਟ ਤੇ ਮੋਬਾਈਲ ਚਾਰਜਿੰਗ ਦੀ ਵਿਵਸਥਾ ਕਰਨ ਦੇ ਨਾਲ ਨਾਲ ਸਿਹਤ ਸੁਵਿਧਾ ਲਈ ਵੀ ਵੱਡੇ ਇੰਤਜ਼ਾਮ ਕੀਤੇ ਗਏ ਹਨ। ਜੇਕਰ ਕਿਸੇ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਆਉਂਦੀ ਹੈ, ਤਾਂ ਕਥਾ ਵਾਲੀ ਜਗ੍ਹਾ 'ਤੇ ਐਬੂਲੈਂਸਾਂ ਵੀ ਤੈਨਾਤ ਹਨ ਅਤੇ ਦਵਾਈਆਂ ਲਈ ਕਨੌਪੀ ਵੀ ਲਗਾਈ ਗਈ ਹੈ, ਜਦੋਂ ਕਿ ਸਿਹਤ ਸਬੰਧੀ ਵੱਡੀ ਸਮੱਸਿਆ ਆਉਣ 'ਤੇ ਮਹਿਲਾ ਅਤੇ ਜੈਂਟ੍ਸ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਵਿੱਚ ਇਲਾਜ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਲਈ ਡਿਜੀਟਲ ਬੈਂਡ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਨੂੰ ਮੋਬਾਈਲ ਨਾਲ ਕੁਨੈਕਟ ਕੀਤਾ ਜਾਵੇਗਾ, ਜਿਸ ਦੀ ਰਜਿਸਟਰੇਸ਼ਨ ਕਰਵਾਉਣੀ ਜਰੂਰੀ ਹੈ ਅਤੇ ਇਹ ਵਿਵਸਥਾ ਬਿਲਕੁਲ ਮੁਫ਼ਤ ਹੈ, ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਬੱਚਿਆਂ ਤੇ ਬਜ਼ੁਰਗਾਂ ਦੇ ਹੱਥਾਂ 'ਤੇ ਉਕਤ ਬੈਂਡ ਬੰਨ੍ਹਿਆ ਜਾਵੇਗਾ, ਜਿਸ ਕਰਕੇ ਮੋਬਾਇਲ 'ਤੇ ਉਸਦੀ ਟਰੈਕਿੰਗ ਹੁੰਦੀ ਰਹੇਗੀ।