ਵਿਦਿਆਰਥੀਆਂ ਦੇ ਦੋ ਗੁੱਟਾਂ 'ਚ ਹੋਈ ਲੜਾਈ, ਇੱਕ ਦੀ ਮੌਤ - ਚਾਰ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ, 12 ਅਗਸਤ 2025 - ਗੁਰਦਾਸਪੁਰ ਦੇ ਹਰਦੋਛਨੀ ਰੋਡ ਤੇ ਸਥਿਤ ਪਿੰਡ ਹਰਦਾਨ ਵਿਖੇ ਵਿਦਿਆਰਥੀਆਂ ਦੇ ਦੋ ਗੁਟਾਂ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਚਾਰ ਨੌਜਵਾਨਾਂ ਦੀ ਜਖਮੀ ਹੋਣ ਦੀ ਅਤੇ ਇੱਕ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਹ ਵਿਦਿਆਰਥੀ ਇੱਕ ਨਾਮੀ ਨਿੱਜੀ ਕਾਲਜ ਨਾਲ ਸੰਬੰਧਿਤ ਹਨ ਤੇ ਇਹਨਾਂ ਦੀ ਇੱਕ ਦਿਨ ਪਹਿਲਾਂ ਵੀ ਆਪਸ ਵਿੱਚ ਤਕਰਾਰ ਹੋਈ ਸੀ ਪਰ ਫਿਲਹਾਲ ਪੁਲਿਸ ਵੱਲੋਂ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 25 ਤੋਂ 30 ਨੌਜਵਾਨ ਤੇਜਧਾਰ ਹਥਿਆਰਾਂ ਨਾਲ ਲੜਦੇ ਵੇਖੇ ਗਏ ਤੇ ਇਕ ਗੁੱਟ ਵੱਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਜਖਮੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਕੱਠੇ ਹੋ ਕੇ ਬਰਗਰ ਖਾ ਰਹੇ ਹੀ ਸਨ ਕਿ ਵਰਨਾ ਕਾਰ ਤੇ ਆਏ ਕੁਝ ਨੌਜਵਾਨਾਂ ਨੇ ਆਉਂਦੇ ਹੀ ਉਹਨਾਂ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਹਨਾਂ ਵਿੱਚੋਂ ਇੱਕ ਗੁਰਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜਖਮੀ ਹੋਏ ਹਨ। ਜਿਨਾਂ ਵਿੱਚੋਂ ਦੋ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਘਰੋਂ ਲੜਨ ਲਈ ਨਹੀਂ ਸੀ ਆਏ ਅਤੇ ਨਾ ਹੀ ਉਹ ਗੋਲੀਬਾਰੀ ਕਰਨ ਵਾਲਿਆਂ ਨੂੰ ਜਾਣਦੇ ਹਨ ਅਤੇ ਨਾ ਹੀ ਉਹਨਾਂ ਨਾਲ ਕਿਸੇ ਤਰਹਾਂ ਦੀ ਦੁਸ਼ਮਣੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਖਮੀ ਨੌਜਵਾਨਾਂ ਦੇ ਮੋਟਰਸਾਈਕਲਾਂ ਵਿੱਚੋਂ ਵੀ ਤੇਜਧਾਰ ਹਥਿਆਰ ਮਿਲੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਇਹਨਾਂ ਵਿਦਿਆਰਥੀਆਂ ਦਾ ਸ਼ਹਿਰ ਦੇ ਕਿਸੇ ਨਿੱਜੀ ਕਾਲਜ ਨਾਲ ਸਬੰਧ ਉਜਾਗਰ ਨਹੀਂ ਹੋਇਆ ਹੈ।
ਉਥੇ ਸਰਕਾਰੀ ਹਸਪਤਾਲ ਦੀ ਡਾਕਟਰ ਨਿਕਿਤਾ ਨੇ ਦੱਸਿਆ ਕਿ ਚਾਰ ਨੌਜਵਾਨ ਜਖਮੀ ਹਾਲਤ ਵਿੱਚ ਆਏ ਸੀ ਜਿਨਾਂ ਦੇ ਗੋਲੀ ਲੱਗਦੀਆਂ ਸੀ । ਇੱਕ ਦੇ ਪੇਟ ਚ ਗੋਲੀ ਲੱਗੀ ਸੀ ਅਤੇ ਇੱਕ ਹੋਰ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਦੋਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋਹਾਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਇਹਨਾਂ ਦੋਵਾਂ ਦੀ ਹਾਲਤ ਹੀ ਸਥਿਰ ਹੈ।