ਲੁਧਿਆਣਾ ਦੇ ਗਰਲਜ਼ ਸਕੂਲ ਆਫ਼ ਐਮੀਨੈਂਸ ਦਾ 17 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ: ਐਮਪੀ ਅਰੋੜਾ
ਲੁਧਿਆਣਾ, 15 ਅਪ੍ਰੈਲ, 2025: ਲੋਕ ਨਿਰਮਾਣ ਵਿਭਾਗ ਦੇ ਉੱਪ ਮੰਡਲ ਇੰਜੀਨੀਅਰ ਅਤੇ ਉੱਘੇ ਸ਼ਾਇਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਗਰਲਜ਼ ਸਕੂਲ ਆਫ ਐਮੀਨੈਂਸ ਭਾਰਤ ਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅਪਗ੍ਰੇਡੇਸ਼ਨ ਅਤੇ ਮੁਰੰਮਤ ਸਬੰਧੀ ਕੀਤੇ ਜਾ ਰਹੇ ਕੰਮ ਦੀ ਵਿਸਥਾਰਥ ਜਾਣਕਾਰੀ ਦਿੱਤੀ।
ਭਾਰਤ ਨਗਰ ਸਕੂਲ ਜਿੱਥੇ ਲੱਗਭੱਗ 2000 ਵਿਦਿਆਰਥਣਾਂ ਵਿੱਦਿਆ ਹਾਸਲ ਕਰ ਰਹੀਆਂ ਹਨ, ਲੱਗਭੱਗ 90 ਅਧਿਆਪਕ ਬੱਚਿਆਂ ਨੂੰ ਪੜ੍ਹਾ ਰਹੇ ਹਨ, ਲੁਧਿਆਣਾ ਜਿਲ੍ਹੇ ਦੇ ਮੋਹਰੀ ਸਕੂਲਾਂ ਵਿੱਚੋਂ ਇੱਕ ਹੈ। ਮਰਹੂਮ ਐਮ ਐਲ ਏ ਗੁਰਪ੍ਰੀਤ ਗੋਗੀ ਦੇ ਯਤਨਾਂ ਸਦਕਾ ਇਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਘੋਸ਼ਿਤ ਕੀਤਾ ਗਿਆ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿੱਜੀ ਦਿਲਚਸਪੀ ਲੈਂਦਿਆਂ ਇਸ ਸਕੂਲ ਦੀ ਅਪਗ੍ਰੇਡੇਸ਼ਨ ਮੁਰੰਮਤ ਅਤੇ ਨਵੀਂ ਉਸਾਰੀ ਲਈ 17 ਕਰੋੜ ਰੁਪਿਆ ਮੰਜੂਰ ਕੀਤਾ। ਹੁਣ ਤੱਕ ਦੇ ਇਤਿਹਾਸ ਵਿੱਚ ਪੰਜਾਬ ਦੇ ਕਿਸੇ ਵੀ ਸਰਕਾਰੀ ਸਕੂਲ ਲਈ ਮੰਜੂਰ ਕੀਤੀ ਗਈ ਇਹ ਸਭ ਤੋਂ ਜਿਆਦਾ ਰਕਮ ਹੈ।ਇਸ ਸਕੂਲ ਵਿੱਚ ਕੰਮ ਚੱਲ ਰਿਹਾ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਇਹ ਕੰਮ ਮੁਕੰਮਲ ਹੋ ਜਾਵੇਗਾ।
ਇਸ ਸਕੂਲ ਵਿੱਚ ਸਾਰੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਕੇ ਉਸ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ ਅਤੇ ਪੁਰਾਣੇ ਬਾਥਰੂਮ ਮੁਰੰਮਤ ਕੀਤੇ ਜਾਣਗੇ। ਇਸ ਤੋਂ ਇਲਾਵਾ ਲੱਗਭੱਗ ਅੱਧੀ ਸਦੀ ਪੁਰਾਣੇ ਸੀਵਰੇਜ ਦੀ ਥਾਂ ਨਵਾਂ ਸੀਵਰੇਜ ਪਾਇਆ ਜਾ ਰਿਹਾ ਹੈ। ਪੀਣ ਵਾਲੇ ਪਾਣੀ ਲਈ ਨਵੀਆਂ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਬਿਜਲੀ ਦਾ ਸਮੁੱਚਾ ਕੰਮ ਵੀ ਨਵੇਂ ਸਿਰੇ ਤੋਂ ਕੀਤਾ ਜਾਵੇਗਾ।
ਸਕੂਲ ਵਿੱਚ ਇੱਕ ਵਿਸ਼ਵ ਪੱਧਰ ਦਾ ਮਲਟੀਪਰਪਜ਼ ਇੰਡੋਰ ਸਪੋਰਟਸ ਕੰਪਲੈਕਸ ਉਸਾਰਿਆ ਜਾ ਰਿਹਾ ਹੈ ਜਿਸ ਵਿੱਚ ਇੰਡੋਰ ਗੇਮਜ਼ ਹੋਣਗੀਆਂ। ਸਕੂਲ ਵਿੱਚ ਇੱਕ ਵੱਡਾ ਸੈਮੀਨਾਰ ਹਾਲ ਬਣਾਇਆ ਜਾ ਰਿਹਾ ਹੈ ਅਤੇ ਪੁਰਾਣੀਆਂ ਲੈਬਜ਼ ਦੀ ਥਾਂ ਤੇ ਨਵੀਆਂ ਲੈਬਜ਼ ਬਣਾਈਆਂ ਜਾ ਰਹੀਆਂ ਹਨ, ਦਾਖਲੇ ਵੇਲੇ ਬੱਚਿਆਂ ਲਈ ਰਿਸ਼ੈਪਸ਼ਨ ਏਰੀਆ ਬਣਾਇਆ ਜਾ ਰਿਹਾ ਹੈ ਅਤੇ ਨਵੇਂ ਕਮਰੇ ਵੀ ਉਸਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਬਾਸਕਟਬਾਲ ਅਤੇ ਬੈਡਮਿੰਟਨ ਦਾ ਨਵਾਂ ਮੈਦਾਨ ਉਸਾਰਿਆ ਜਾ ਰਿਹਾ ਹੈ ਅਤੇ ਸਕੂਲ ਦੇ ਮੁੱਖ ਮੈਦਾਨ ਦੀਆਂ ਸਾਈਡਾਂ ਤੇ ਸਟੈੱਪ ਬਣਾ ਕੇ ਬੱਚਿਆਂ ਦੇ ਬੈਠਣ ਲਈ ਪੌੜੀਆਂ ਬਣਾਈਆਂ ਜਾ ਰਹੀਆਂ ਹਨ।
ਐਮਪੀ ਸੰਜੀਵ ਅਰੋੜਾ ਨੇ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ ਤਾਂ ਜੋ ਕੰਮ ਸਮੇ ਸਿਰ ਮੁਕੰਮਲ ਹੋ ਸਕੇ।
ਸਹਿਜਪ੍ਰੀਤ ਸਿੰਘ ਮਾਂਗਟ ਨੇ ਇਸ ਮੌਕੇ ਆਪਣੀਆਂ ਹੁਣ ਤੱਕ ਛਪੀਆਂ ਛੇ ਕਿਤਾਬਾਂ ਦਾ ਸੈਟ ਵੀ ਐਮਪੀ ਸੰਜੀਵ ਅਰੋੜਾ ਨੂੰ ਭੇਂਟ ਕੀਤਾ।