ਮੈਹਿਣਾ ਚੌਂਕ ਵਾਸੀਆਂ ਵੱਲੋਂ ਬੱਸ ਅੱਡਾ ਤਬਦੀਲ ਕਰਨ ਖਿਲਾਫ ਵਿਧਾਇਕ ਜਗਰੂਪ ਗਿੱਲ ਨੂੰ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 17 ਦਿਸੰਬਰ 2025 : ਬਠਿੰਡਾ ਦਾ ਬੱਸ ਅੱਡਾ ਮੌਜੂਦਾ ਥਾਂ ਤੋਂ ਤਬਦੀਲ ਕਰਨ ਖਿਲਾਫ ਅੱਜ ਮਹਿਣਾ ਚੌਂਕ ਅਤੇ ਹੋਰ ਆਸੇ ਪਾਸੇ ਦੇ ਲੋਕਾਂ ਨੇ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਗਿੱਲ ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਇਹ ਬੱਸ ਅੱਡਾ ਇੱਥੇ ਹੀ ਰਹਿਣਾ ਚਾਹੀਦਾ ਹੈ।। ਇਸ ਮੌਕੇ ਸੰਦੀਪ ਅਗਰਵਾਲ ਨੇ ਕਿਹਾ ਕਿ ਮੌਜੂਦਾ ਬੱਸ ਅੱਡਾ ਸਿਰਫ਼ ਆਵਾਜਾਈ ਦਾ ਕੇਂਦਰ ਨਹੀਂ, ਸਗੋਂ ਸ਼ਹਿਰ ਦੀ ਆਰਥਿਕ ਅਤੇ ਵਪਾਰਕ ਰੌਣਕ ਦੀ ਰੀੜ੍ਹ ਦੀ ਹੱਡੀ ਹੈ। ਬੱਸ ਅੱਡੇ ਨਾਲ ਜੁੜੀਆਂ ਸੈਂਕੜਿਆਂ ਦੁਕਾਨਾਂ, ਰੇਹੜੀ–ਫੜੀ ਵਾਲੇ, ਹੋਟਲ–ਢਾਬੇ, ਟੈਕਸੀ ਅਤੇ ਆਟੋ ਚਾਲਕਾਂ ਦੀ ਰੋਜ਼ੀ–ਰੋਟੀ ਇਸ ’ਤੇ ਨਿਰਭਰ ਹੈ। ਬੱਸ ਅੱਡਾ ਬਦਲਣ ਨਾਲ ਹਜ਼ਾਰਾਂ ਪਰਿਵਾਰਾਂ ਦੇ ਰੁਜ਼ਗਾਰ ’ਤੇ ਸਿੱਧਾ ਅਸਰ ਪਵੇਗਾ।
ਸੰਦੀਪ ਅਗਰਵਾਲ ਨੇ ਕਿਹਾ ਕਿ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੋਣ ਕਾਰਨ ਮੌਜੂਦਾ ਬੱਸ ਅੱਡਾ ਵਿਦਿਆਰਥੀਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਆਮ ਲੋਕਾਂ ਲਈ ਬਹੁਤ ਸੁਵਿਧਾਜਨਕ ਹੈ। ਜੇਕਰ ਇਸ ਨੂੰ ਦੂਰਲੇ ਇਲਾਕੇ ਵਿੱਚ ਲਿਜਾਇਆ ਗਿਆ ਤਾਂ ਯਾਤਰੀਆਂ ਨੂੰ ਵਾਧੂ ਖਰਚ, ਸਮੇਂ ਦੀ ਬਰਬਾਦੀ ਅਤੇ ਆਵਾਜਾਈ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਦੇਵੀ ਦਿਆਲ ਨੇ ਕਿਹਾ ਕਿ ਇਸ ਨਾਲ ਹੀ ਮੁੱਖ ਮਾਰਕੀਟਾਂ ਸੁੰਨੀਆਂ ਹੋ ਜਾਣ ਦਾ ਡਰ ਵੀ ਜਤਾਇਆ ਗਿਆ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ ਕਿਸੇ ਵੀ ਕੀਮਤ ’ਤੇ ਨਾ ਬਦਲਿਆ ਜਾਵੇ। ਜੇਕਰ ਵਿਕਾਸ ਜਾਂ ਸੁਵਿਧਾਵਾਂ ਵਧਾਉਣ ਦੀ ਲੋੜ ਹੈ ਤਾਂ ਮੌਜੂਦਾ ਸਥਾਨ ’ਤੇ ਹੀ ਬੱਸ ਅੱਡੇ ਨੂੰ ਅੱਪਗਰੇਡ ਕਰਕੇ ਆਧੁਨਿਕ ਬਣਾਇਆ ਜਾਵੇ, ਤਾਂ ਜੋ ਯਾਤਰੀਆਂ ਅਤੇ ਸ਼ਹਿਰ ਵਾਸੀਆਂ ਦੋਹਾਂ ਨੂੰ ਲਾਭ ਮਿਲ ਸਕੇ। ਮਹਿਣਾ ਚੌਕ ਵਾਸੀਆਂ ਨੇ ਆਸ ਜਤਾਈ ਕਿ ਵਿਧਾਇਕ ਜਗਰੂਪ ਗਿੱਲ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਇਸ ਗੰਭੀਰ ਮਸਲੇ ’ਤੇ ਸੰਵੇਦਨਸ਼ੀਲ ਅਤੇ ਸ਼ਹਿਰ ਦੇ ਹਿੱਤ ਵਿੱਚ ਫੈਸਲਾ ਲੈਣਗੇ।