ਮੁਕਤਸਰ ਪੁਲਿਸ ਵੱਲੋਂ ਲੱਖਾਂ ਗੋਲੀਆਂ ਅਤੇ ਕੱਚਾ ਮਾਲ ਬਰਾਮਦ ਕਰਨ ਪਿੱਛੋਂ ਬਠਿੰਡਾ ਵਿੱਚ ਫੈਕਟਰੀ ਸੀਲ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2026 : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਬਠਿੰਡਾ ਵਿੱਚ ਇੱਕ ਗੈਰ ਕਾਨੂੰਨੀ ਫੈਕਟਰੀ ਸੀਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੀਤੀ ਇਸ ਵੱਡੀ ਕਾਰਵਾਈ ਦੌਰਾਨ ਪੁਲਿਸ ਨੇ ਲੱਖਾਂ ਗੋਲੀਆਂ ਅਤੇ ਕੱਚਾ ਮਾਲ ਵੀ ਬਰਾਮਦ ਕੀਤਾ ਹੈ। ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਹੁਣ ਮਾਮਲੇ ਦੀ ਅਗਲੀ ਪੜਤਾਲ ਵਿੱਚ ਜੁਟ ਗਈ ਹੈ। ਮੁਕਤਸਰ ਜ਼ਿਲ੍ਹੇ ਦੇ ਥਾਣਾ ਕਿੱਲਿਆਂਵਾਲੀ ਵਿਖੇ ਲੰਘੀ 26 ਨਵੰਬਰ 2025 ਨੂੰ ਐਨਡੀਪੀਐਸ ਐਕਟ ਤਹਿਤ ਇੱਕ ਮੁਕਦਮਾ ਦਰਜ ਕੀਤਾ ਸੀ ਜਿਸ ਦੀ ਅਗਲੇਰੀ ਪੜਤਾਲ ਦੌਰਾਨ ਪੁਲਿਸ ਨੂੰ ਇਹ ਸਫਲਤਾ ਹਾਸਿਲ ਹੋਈ ਹੈ।
ਇਸ ਮੁੱਕਦਮੇ ਵਿੱਚ ਮਨੀਸ਼ ਕੁਮਾਰ ਅਤੇ ਸਾਹਿਲ ਕੁਮਾਰ, ਵਾਸੀ ਮੰਡੀ ਕਿੱਲਿਆਂਵਾਲੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 20 ਐਟੀਜ਼ੋਲਾਮ ਗੋਲੀਆਂ ਅਤੇ 80 ਪ੍ਰੇਗਾਬੈਲਿਨ ਕੈਪਸੂਲ ਤੋਂ ਇਲਾਵਾ 7,26,000/- ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਮੁਕਤਸਰ ਪੁਲਿਸ ਵੱਲੋਂ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ, ਕ੍ਰਿਸ਼ਨ ਕੁਮਾਰ (ਗ੍ਰਿਫ਼ਤਾਰ ਮੁਲਜ਼ਮ ਦਾ ਭਰਾ), ਵਾਸੀ ਮੰਡੀ ਕਿਲਿਆਂਵਾਲੀ ਅਤੇ ਵੰਸ਼ ਕਵਾਤਰਾ, ਪੁੱਤਰ ਅਨਿਲ ਕੁਮਾਰ, ਵਾਸੀ ਮੰਡੀ ਡੱਬਵਾਲੀ ਦੇ ਨਾਮ ਸਾਹਮਣੇ ਆਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਵੰਸ਼ ਕਵਾਤਰਾ ਮੰਡੀ ਡੱਬਵਾਲੀ ਵਿਖੇ ਇੱਕ ਮੈਡੀਕਲ ਸਟੋਰ ਚਲਾ ਰਿਹਾ ਸੀ। ਉਹਨਾਂ ਦੀ ਨਿਸ਼ਾਨਦੇਹੀ ਤੇ ਪੰਜ ਜਨਵਰੀ ਨੂੰ ਦੋਹਾਂ ਤੋ 30,000 ਟੈਪੈਂਟਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੂੰ ਜਾਂਚ ਦੌਰਾਨ ਸੁਰਾਗ ਮਿਲਿਆ ਕਿ ਮੁਲਜ਼ਮ ਨਸ਼ੀਲੀਆਂ ਦਵਾਈਆਂ ਦੀ ਸਪਲਾਈ Redinex Life Sciences Private Limited, ਮਾਨਸਾ ਰੋਡ, ਬਠਿੰਡਾ ਤੋਂ ਪ੍ਰਾਪਤ ਕਰ ਰਹੇ ਸਨ। ਇਸ ਸੂਚਨਾ ਦੇ ਆਧਾਰ ’ਤੇ, ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਟੀਮ ਵੱਲੋਂ ਡਰੱਗ ਇੰਸਪੈਕਟਰਾਂ ਨਾਲ ਮਾਨਸਾ ਰੋਡ, ਬਠਿੰਡਾ ਸਥਿਤ ਇਸ ਫਾਰਮਾਸਿਊਟੀਕਲ ਯੂਨਿਟ ’ਤੇ ਸ਼ਨੀਵਾਰ ਨੂੰ ਛਾਪਾ ਮਾਰਿਆ ਸੀ ਜਿਸ ਦੌਰਾਨ ਭਾਰੀ ਮਾਤਰਾ ਵਿੱਚ ਕੱਚਾ ਮਾਲ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਫੈਕਟਰੀ ਮਾਲਕ ਕੋਈ ਜਾਇਜ਼ ਦਸਤਾਵੇਜ਼ ਵੀ ਪੁਲਿਸ ਕੋਲ ਪੇਸ਼ ਨਹੀਂ ਕਰ ਸਕਿਆ। ਪੁਲਿਸ ਟੀਮਾਂ ਨੇ ਇਸ ਛਾਪੇਮਾਰੀ ਦੌਰਾਨ1,85,000 ਖੁੱਲ੍ਹੀਆਂ ਗੋਲੀਆਂ,42,350 ਜ਼ੈਂਟਾਡੋਲ ਗੋਲੀਆਂ,1,22,400 ਟੈਨੇਡੋਲ ਗੋਲੀਆਂ ਅਤੇ ਲਗਭਗ 10 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਪੇਸ਼ੇਵਰ ਜਾਂਚ, ਮਜ਼ਬੂਤ ਬੈਕਵਰਡ ਲਿੰਕੇਜ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੇ ਨਤੀਜੇ ਵਜੋਂ, ਉਕਤ ਗੈਰਕਾਨੂੰਨੀ ਦਵਾਈ ਤਿਆਰ ਕਰਨ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਐਸਐਸਪੀ ਵੱਲੋਂ ਸਖਤ ਚੇਤਾਵਨੀ
ਐਸ.ਐਸ.ਪੀ. ਸ੍ਰੀ ਮੁਕਤਸਰ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਨਾਲ ਜੁੜੇ ਕਿਸੇ ਵੀ ਪੱਧਰ ਦੇ ਨਸ਼ਾ ਤਸਕਰ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਿਆਂ ਖਿਲਾਫ਼ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਹੋਰ ਵੱਡੇ ਪੱਧਰ ’ਤੇ ਲਗਾਤਾਰ ਜਾਰੀ ਰਹਿਣਗੀਆਂ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਨਸ਼ਾ ਤਸਕਰੀ, ਨਸ਼ੀਲੀਆਂ ਦਵਾਈਆਂ ਦੀ ਗੈਰਕਾਨੂੰਨੀ ਤਿਆਰੀ ਜਾਂ ਵਿਕਰੀ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸਾਂਝੀ ਕਰ ਸਕਦੇ ਹਨ। ਇਸ ਲਈ ਹੈਲਪਲਾਈਨ ਨੰਬਰ 80549-42100 ਜਾਰੀ ਕੀਤਾ ਗਿਆ ਹੈ। ਐਸ.ਐਸ.ਪੀ ਨੇ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।