ਬਾਲਗਾਂ ਨੂੰ ਤਣਾਅ ਮੁਕਤ ਰੱਖਣ ਲਈ ਸਿਹਤ ਵਿਭਾਗ ਵੱਲੋਂ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਕੈਂਪ
ਅਸ਼ੋਕ ਵਰਮਾ
ਬਠਿੰਡਾ ,16 ਦਸੰਬਰ 2025 :ਕਿਸ਼ੋਰ ਅਵਸਥਾ ਵਿੱਚ ਬੱਚੇ ਅਕਸਰ ਬੱਚੇ ਕਿਸੇ ਨਾ ਕਿਸੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਤਣਾਅ ਪੜ੍ਹਾਈ ਸੰਬੰਧੀ, ਕਿਸੇ ਵੀ ਪ੍ਰਕਾਰ ਦੇ ਨਸ਼ੇ ਸੰਬੰਧੀ, ਘਰੇਲੂ ਝਗੜੇ ਜਾ ਆਸ-ਪਾਸ ਦਾ ਮਹੌਲ ਆਦਿ ਕਈ ਪ੍ਰਕਾਰ ਦਾ ਹੋ ਸਕਦਾ ਹੈ। ਬੱਚੇ ਅਜਿਹੇ ਤਣਾਅ ਤੋਂ ਦੂਰ ਰਹਿਣ ਇਸ ਲਈ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਬਠਿੰਡਾ ਡਾਕਟਰ ਤਪਿੰਦਰਜੋਤ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਨੋ ਵਿਗਿਆਨ ਵਿੰਗ ਦੇ ਕਾਊਸਲਰਾਂ ਵੱਲੋਂ ਜਿਲ੍ਹੇ ਦੇ ਵੱਖ ਵੱਖ ਸਕੂਲ -ਕਾਲਜਾਂ ਵਿੱਚ ਜਾ ਕੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਵਿਸ਼ੇ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ 15 ਸਾਲ ਤੋਂ ਉਪਰ ਦੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਵਧ ਰਹੇ ਮਾਨਸਿਕ ਤਣਾਅ ਕਾਰਣ ਆਤਮਹੱਤਿਆ ਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਸਿਹਤ ਵਿਭਾਗ ਅਨੁਸਾਰ ਪੜ੍ਹਾਈ ਦਾ ਦਬਾਅ, ਮਾਪਿਆਂ ਦੀਆਂ ਵਧੀਆਂ ਉਮੀਦਾਂ, ਸੋਸ਼ਲ ਮੀਡੀਆ ਦਾ ਅਤਿ-ਉਪਯੋਗ, ਮੁਕਾਬਲਾਪੂਰਨ ਮਾਹੌਲ ਅਤੇ ਭਾਵਨਾਤਮਕ ਸਹਿਯੋਗ ਦੀ ਘਾਟ ਇਸ ਤਣਾਅ ਦੇ ਮੁੱਖ ਕਾਰਣ ਹਨ। ਇਹ ਤਣਾਅ ਜੋ ਕਈ ਵਾਰ ਬੱਚਿਆਂ ਨੂੰ ਗ਼ਲਤ ਸੰਗਤੀ ਵਿੱਚ ਧਕੇਲ ਸਕਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਸ਼ਿਕਸ਼ਿਤ ਕਾਊਂਸਲਰ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਤਣਾਅ ਨਾਲ ਨਿਪਟਣ, ਭਾਵਨਾਵਾਂ ਸਾਂਝੀਆਂ ਕਰਨ ਅਤੇ ਸਮੇਂ ਸਿਰ ਮਦਦ ਲੈਣ ਬਾਰੇ ਜਾਣਕਾਰੀ ਦੇ ਰਹੇ ਹਨ।
ਮਾਨਸਿਕ ਰੋਗਾਂ ਦੇ ਮਾਹਿਰ ਡਾ ਅਰੁਣ ਬਾਂਸ਼ਲ ਨੇ ਕਿਹਾ ਕਿ ਕਿਸ਼ੋਰ ਅਵਸਥਾ ਦੌਰਾਨ ਬੱਚੇ ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਨਾਜ਼ੁਕ ਹੁੰਦੇ ਹਨ। ਇਸ ਉਮਰ ਵਿੱਚ ਸਮੇਂ ਸਿਰ ਮਾਪਿਆਂ, ਅਧਿਆਪਕਾਂ ਅਤੇ ਸਮਾਜ ਵੱਲੋਂ ਸਹੀ ਮਾਰਗਦਰਸ਼ਨ ਅਤੇ ਸਹਿਯੋਗ ਮਿਲਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ’ਤੇ ਬੇਵਜ੍ਹਾ ਦਬਾਅ ਨਾ ਬਣਾਉਣਾ ਮਾਪਿਆਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਬੱਚਿਆ ਵਿੱਚ ਇਸ ਤਰ੍ਹਾ ਦੇ ਤਣਾਅ ਨੂੰ ਦੂਰ ਕਰਨ ਲਈ ਸਿਹਤ ਵਿਭਾਗ ਵੱਲੋਂ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਦਾ ਇਕ ਰੋਸਟਰ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਮਨੋ ਵਿਗਿਆਨ ਵਿੰਗ ਦੇ ਕਾਊਸਲਰ ਲਗਾਤਰਾ ਬੱਚਿਆ ਅਤੇ ਅਧਿਆਪਕਾਂ ਨੂੰ ਤਣਾਅ ਤੋਂ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਜੇ ਕਿਸੇ ਬੱਚੇ ਵਿੱਚ ਲੰਮੇ ਸਮੇਂ ਤੱਕ ਉਦਾਸੀ, ਇਕਾਂਤਵਾਸ, ਗੁੱਸਾ, ਨੀਂਦ ਜਾਂ ਖਾਣ-ਪੀਣ ਵਿੱਚ ਬਦਲਾਅ, ਪੜ੍ਹਾਈ ਵਿੱਚ ਅਚਾਨਕ ਗਿਰਾਵਟ ਜਾਂ ਨਿਰਾਸ਼ਾ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਮਾਨਸਿਕ ਸਿਹਤ ਵਿਸ਼ੇਸ਼ਗਿਆ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।