ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਦਿਲਜੀਤ ਬੇਦੀ ਦੀ ਪੁਸਤਕ “ਅਕਾਲ ਪੁਰਖ ਕੀ ਫੌਜ” ਲੋਕ ਅਰਪਣ
ਦਿਲਜੀਤ ਸਿੰਘ ਬੇਦੀ ਦਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੋਇਆ ਸਨਮਾਨ
ਅੰਮ੍ਰਿਤਸਰ:- 1 ਅਗਸਤ 2025 : ਬੁੱਢਾ ਦਲ ਦੇ ਗਿਆਰਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਦੀ 83ਵੀਂ ਸਲਾਨਾ ਬਰਸੀ ਮੌਕੇ ਬੁੱਢਾ ਦਲ ਦੇ ਸਕੱਤਰ ਪੰਥਕ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਦੀ ਲਿਖੀ ਪੁਸਤਕ “ਅਕਾਲ ਪੁਰਖ ਕੀ ਫੌਜ” ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਤੇ ਨੰੁਮਾਇੰਦਿਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਗੁਰੂਕਾਸ਼ੀ ਤਲਵੰਡੀ ਸਾਬੋ ਕੀ ਵਿਖੇ ਲੋਕ ਅਰਪਣ ਕੀਤੀ ਗਈ।
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿ. ਰਘਬੀਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇ ਗਿ. ਹਰਪ੍ਰੀਤ ਸਿੰਘ ਨੇ ਸ. ਦਿਲਜੀਤ ਸਿੰਘ ਬੇਦੀ ਦੀਆਂ ਬਤੌਰ ਸਾਹਿਤਕਾਰ ਪੰਥਕ ਸੇਵਾਵਾਂ ਦੀ ਭਰਵੀਂ ਪ੍ਰਸੰਸਾ ਕੀਤੀ। ਸੰਪਰਦਾਇ ਬਾਬਾ ਬਿਧੀਚੰਦ ਸਾਹਿਬ ਤਰਨਾਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ ਅਤੇ ਭਾਈ ਸੁਖਜੀਤ ਸਿੰਘ ਕਨੱਈਆ ਨੇ ਵੀ ਸ. ਬੇਦੀ ਦੇ ਲਿਖਤੀ ਕਾਰਜਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਇਨ੍ਹਾਂ ਦੇ ਉਦਮ ਨਾਲ ਹੀ ਸ੍ਰੀ ਸਰਬਲੋਹ ਗ੍ਰੰਥ, ਦੁਸਹਿਰਾ ਮਹਾਤਮ, ਬੁੱਢਾ ਦਲ ਦੇ ਪਹਿਲੇ ਮੁਖੀ ਬਾਬਾ ਬਿਨੋਦ ਸਿੰਘ, ਨਵਾਬ ਕੂਪਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ ਦੇ ਜੀਵਨ ਸਬੰਧੀ ਪ੍ਰਕਾਸਤ ਪੁਸਤਕਾਂ ਤੋਂ ਇਲਾਵਾ, ਬੁੱਢਾ ਦਲ ਦੇ ਮੁਖੀਆਂ ਦਾ ਸੰਖੇਪ ਇਤਿਹਾਸ ਪੁਸਤਕ ਰੂਪ ਵਿਚ ਪ੍ਰਕਾਸ਼ਤ ਹੋਇਆ ਹੈ। ਉਨ੍ਹਾਂ ਕਿਹਾ ਸ਼ਹੀਦ ਭਾਈ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਦੁਬਾਰਾ ਦੋ ਭਾਗਾਂ ਵਿਚ ਪ੍ਰਕਾਸ਼ਤ ਹੋ ਕੇ ਸੰਗਤਾਂ ਤਕ ਪੁਜ ਚੁੱਕਾ ਹੈ। ਵੱਖ-ਵੱਖ ਸੁੰਦਰ ਰੂਪ ‘ਚ ਗੁਰਬਾਣੀ ਦੇ ਗੁਟਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਤੇ ਸ. ਬੇਦੀ ਦੇ ਜਤਨਾ ਸਦਕਾ ਪ੍ਰਕਾਸ਼ਤ ਹੋਏ ਹਨ। ਉਨ੍ਹਾਂ ਕਿਹਾ ਸ. ਦਿਲਜੀਤ ਸਿੰਘ ਬੇਦੀ ਵੱਲੋਂ ਖਾਲਸਾ ਪੰਥ ਬੁੱਢਾ ਦਲ ਦੇ ਸ਼ਹੀਦਾਂ ਦਾ ਜੀਵਨ ਬਿਊਰਾ “ਸ਼ਹੀਦ ਸਿੰਘਾਂ ਦੀ ਗਾਥਾ” ਕਿਤਾਬ ਵੀ ਆਉਣ ਵਾਲੇ ਸਮੇਂ ਵਿਚ ਸੰਗਤਾਂ ਦੇ ਅਰਪਣ ਹੋਵੇਗੀ।
ਏਥੇ ਇਹ ਵੀ ਵਰਨਣਯੋਗ ਹੈ ਕਿ ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੰਥਕ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਦੀਆਂ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਸਤਿਕਾਰ ਵਜੋਂ ਖਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਸਨਮਾਨਤ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਤੋਂ ਇਲਾਵਾ ਸੰਪਰਦਾ ਬਾਬਾ ਬਿਧੀਚੰਦ ਸਾਹਿਬ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ, ਬਾਬਾ ਨਾਗਰ ਸਿੰਘ ਤਰਨਾਦਲ ਹਰੀਆਂ ਵੇਲਾਂ, ਬਾਬਾ ਦੀਪ ਸਿੰਘ ਸ਼ਹੀਦ ਮਿਸਲ ਤਰਨਾਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਵੱਲੋਂ ਬਾਬਾ ਜੈਮਲ ਸਿੰਘ ਗੋਇੰਦਵਾਲ, ਬਾਬਾ ਸਵਰਨਜੀਤ ਸਿੰਘ ਬਾਬਾ ਬਕਾਲਾ, ਬਾਬਾ ਬਲਵਿੰਦਰ ਸਿੰਘ ਵੱਲਾ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ, ਬਾਬਾ ਭਗਤ ਸਿੰਘ ਬਹਾਦਰਗੜ੍ਹ ਤੇ ਸ. ਪਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ।