ਸੱਜ ਗਿਆ 'ਉਮੀਦ ਬਜ਼ਾਰ' , ਦੋ ਦਿਨ ਮਿਲੇਗਾ ਸਵੈ ਸਹਾਇਤਾ ਸਮੂਹਾਂ ਵੱਲੋਂ ਬਣਾਇਆ ਗਿਆ ਵਧੀਆ ਤੇ ਸਸਤਾ ਸਮਾਨ
60 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਅਤੇ ਕਿਸਾਨ ਸਮੂਹਾਂ ਨੇ ਉਮੀਦ ਬਜ਼ਾਰ ਵਿੱਚ ਆਪਣੇ ਸਟਾਲ ਲਗਾਏ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਗਸਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਿੱਚ ਦੋ ਰੋਜ਼ਾ 'ਉਮੀਦ ਬਜ਼ਾਰ' ਦਾ ਅੱਜ ਸ਼ਾਨਦਾਰ ਅਗਾਜ਼ ਹੋ ਗਿਆ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਇਸ 'ਉਮੀਦ ਬਜ਼ਾਰ' ਦਾ ਉਦਘਾਟਨ ਕੀਤਾ। ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਯ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਆਦਿੱਤਯ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
'ਉਮੀਦ ਬਜ਼ਾਰ' ਦਾ ਉਦਘਾਟਨ ਕਰਨ ਤੋਂ ਬਾਅਦ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਐੱਸ.ਐੱਸ.ਪੀ. ਸ੍ਰੀ ਆਦਿੱਤਯ ਵੱਲੋਂ ਸਵੈ ਸਹਾਇਤਾ ਸਮੂਹਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕੀਤਾ ਅਤੇ ਓਥੇ ਵੇਚੇ ਜਾ ਰਹੇ ਸਮਾਨ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਰੇਲੂ ਔਰਤਾਂ ਨੂੰ ਰੁਜ਼ਗਾਰ ਨਾਲ ਜੋੜ ਕੇ ਉਨ੍ਹਾਂ ਲਈ ਆਮਦਨ ਦੇ ਨਵੇਂ ਅਵਸਰ ਪੈਦਾ ਕੀਤੇ ਜਾਣ ਅਤੇ ਇਨ੍ਹਾਂ ਯਤਨਾਂ ਸਦਕਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੈ ਸਹਾਇਤਾ ਸਮੂਹਾਂ ਵੱਲੋਂ ਹੱਥੀਂ ਤਿਆਰ ਕੀਤੇ ਸਮਾਨ ਨੂੰ ਵੇਚਣ ਲਈ ਬਜ਼ਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਮੀਦ ਬਜ਼ਾਰ ਵਿੱਚ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਸਵਾਣੀਆਂ ਵੱਲੋਂ ਹੱਥੀਂ ਤਿਆਰ ਕੀਤਾ ਵੱਖ-ਵੱਖ ਕਿਸਮਾਂ ਦਾ ਸਮਾਨ ਜੋ ਕਿ ਕੁਆਲਿਟੀ ਦੇ ਪੱਖ ਤੋਂ ਬਹੁਤ ਵਧੀਆ ਹੈ, ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜ਼ਾਰ ਦਾ ਸਥਾਨ ਬਹੁਤ ਢੁਕਵੀਂ ਥਾਂ ਉੱਪਰ ਹੈ ਅਤੇ ਇੱਥੇ ਲੱਗਣ ਵਾਲੇ ਬਜ਼ਾਰ ਨੂੰ ਨਿਸ਼ਚੇ ਹੀ ਵੱਡਾ ਹੁੰਗਾਰਾ ਮਿਲੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਉਮੀਦ ਬਜ਼ਾਰ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖ਼ਰੀਦਦਾਰੀ ਕਰਨ ਤਾਂ ਜੋ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਸਵਾਣੀਆਂ ਅਤੇ ਕਿਸਾਨਾਂ ਨੂੰ ਲਾਭ ਪਹੁੰਚ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਇਸ ਉਮੀਦ ਬਜ਼ਾਰ ਵਿੱਚ 60 ਤੋਂ ਵੱਧ ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨ ਸਮੂਹਾਂ ਵੱਲੋਂ ਆਪਣੇ ਉਤਪਾਦਾਂ ਨੂੰ ਵੇਚਣ ਲਈ ਸਟਾਲ ਲਗਾਏ ਹਨ। ਇਨ੍ਹਾਂ ਸਟਾਲਾਂ ਵਿੱਚ ਖਾਣ-ਪੀਣ ਦੇ ਸਮਾਨ ਤੋਂ ਇਲਾਵਾ, ਡੈਕੋਰੇਸ਼ਨ ਦਾ ਸਮਾਨ, ਸੂਟ ਤੇ ਫੁਲਕਾਰੀਆਂ, ਔਰਤਾਂ ਲਈ ਸ਼ਿੰਗਾਰ ਦਾ ਸਮਾਨ ਅਤੇ ਹੋਰ ਰੋਜ਼ਾਨਾਂ ਜ਼ਰੂਰਤ ਦਾ ਸਮਾਨ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਜ਼ਾਰ ਨੂੰ ਕਾਮਯਾਬ ਕਰਨ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਆਪਣਾ ਸਮਾਨ ਵੇਚ ਰਹੀਆਂ ਹਨ ਓਥੇ ਔਰਤਾਂ ਲਈ ਮਹਿੰਦੀ ਲਗਾਉਣ ਦਾ ਸਟਾਲ ਵੀ ਲਗਾਇਆ ਗਿਆ ਹੈ। ਬਜ਼ਾਰ ਵਿੱਚ ਆਉਣ ਵਾਲੇ ਗ੍ਰਾਹਕਾਂ ਲਈ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਉਮੀਦ ਬਜ਼ਾਰ ਵਿੱਚ ਵੇਚੇ ਜਾ ਰਹੇ ਸਾਰੇ ਹੀ ਉਤਪਾਦ ਵਾਜਬ ਰੇਟਾਂ ਉੱਪਰ ਹਨ ਅਤੇ ਕੁਆਲਿਟੀ ਦੇ ਪੱਖ ਤੋਂ ਬਹੁਤ ਵਧੀਆ ਹਨ। ਇਸ ਦੇ ਨਾਲ ਹੀ ਅਗਾਂਹਵਧੂ ਕਿਸਾਨਾਂ ਵੱਲੋਂ ਫੂਡ ਪ੍ਰੋਸੈਸਿੰਗ ਨਾਲ ਸਬੰਧਿਤ ਆਪਣੇ ਉਤਪਾਦ ਵੇਚੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ 2 ਤੇ 3 ਅਗਸਤ ਦੌਰਾਨ ਲੱਗੇ ਉਮੀਦ ਬਜ਼ਾਰ ਵਿੱਚ ਪਹੁੰਚ ਕੇ ਖ਼ਰੀਦਦਾਰੀ ਕਰਨ ਤਾਂ ਜੋ ਆਪਣੇ ਜ਼ਿਲ੍ਹੇ ਦੀਆਂ ਮਿਹਨਤੀ ਔਰਤਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।
ਇਸ ਮੌਕੇ ਮਿਸ਼ਨ ਆਜੀਵਕਾ ਦੇ ਜ਼ਿਲ੍ਹਾ ਮੈਨੇਜਰ ਅਮਰਪਾਲ ਸਿੰਘ, ਜਗਜੀਤ ਸਿੰਘ ਪਿੰਟਾ, ਹਿਤੇਸ਼ ਮਹਾਜਨ, ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ (ਇਲੈਕਟ੍ਰੀਕਲ ਵਿੰਗ) ਸ. ਦਵਿੰਦਰ ਸਿੰਘ, ਪ੍ਰੋ. ਰਾਜ ਕੁਮਾਰ ਸ਼ਰਮਾ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ ਤੋਂ ਇਲਾਵਾ ਇਲਾਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।