← ਪਿਛੇ ਪਰਤੋ
ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਲੱਗੇਗਾ 'ਉਮੀਦ ਬਜ਼ਾਰ' ਉਮੀਦ ਬਜ਼ਾਰ ਦੌਰਾਨ ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਦੇ ਸਟਾਲ ਲਗਾਏ ਜਾਣਗੇ - ਏ.ਡੀ.ਸੀ. ਰੋਹਿਤ ਗੁਪਤਾ ਗੁਰਦਾਸਪੁਰ 2 ਅਗਸਤ 2025- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹੇ ਵਿਚਲੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਵੈ ਸਹਾਇਤਾ ਸਮੂਹਾਂ ਨਾਲ ਜੁੜ ਕੇ ਕੰਮ ਕਰ ਰਹੀਆਂ ਔਰਤਾਂ ਨੂੰ ਆਪਣਾ ਸਮਾਨ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਮਿਤੀ 2 ਅਤੇ 3 ਅਗਸਤ (ਦਿਨ ਸ਼ਨੀਵਾਰ ਤੇ ਐਤਵਾਰ) ਨੂੰ ਪੁਰਾਣੇ ਬੱਸ ਅੱਡੇ ਗੁਰਦਾਸਪੁਰ ਵਿਖੇ 'ਉਮੀਦ ਬਜ਼ਾਰ' ਲਗਾਇਆ ਜਾ ਰਿਹਾ ਹੈ। ਇਸ ਉਮੀਦ ਬਜ਼ਾਰ ਵਿੱਚ ਜਿੱਥੇ ਸਵੈ ਸਹਾਇਤਾ ਨਾਲ ਜੁੜੀਆਂ ਔਰਤਾਂ ਆਪਣੇ ਉਤਪਾਦ ਵਾਜਬ ਰੇਟਾਂ ਉੱਪਰ ਵੇਚਣਗੀਆਂ ਓਥੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਵਿਸ਼ੇਸ਼ ਸਟਾਲ ਲਗਾ ਕੇ ਆਪਣੇ ਖੇਤੀ ਉਤਪਾਦ ਵੇਚਣਗੇ। ਉਮੀਦ ਬਜ਼ਾਰ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਦੱਸਿਆ ਕਿ ਉਮੀਦ ਬਜ਼ਾਰ ਦੌਰਾਨ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਅਤੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਦੇ ਵੱਖ-ਵੱਖ ਸਟਾਲ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਾਰਾ ਸਮਾਨ ਜ਼ਿਲ੍ਹੇ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਮਿਹਨਤੀ ਸਵਾਣੀਆਂ ਵੱਲੋਂ ਆਪਣੇ ਘਰਾਂ ਵਿੱਚ ਤਿਆਰ ਕੀਤਾ ਜਾਂਦਾ ਹੈ, ਜਿਸ ਦੀ ਕੁਆਲਿਟੀ ਬਹੁਤ ਵਧੀਆ ਹੋਣ ਦੇ ਨਾਲ ਕੀਮਤਾਂ ਵੀ ਬਹੁਤ ਵਾਜਬ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਆਪਣੇ ਖੇਤੀ ਉਤਪਾਦਾਂ ਦੀ ਵਿੱਕਰੀ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦ ਬਜ਼ਾਰ ਦਾ ਸਮਾਂ ਮਿਤੀ 2 ਤੇ 3 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ ਅਤੇ ਬਜ਼ਾਰ ਦੌਰਾਨ ਬੱਚਿਆਂ ਦੇ ਮਨੋਰੰਜਨ ਲਈ ਪੰਘੂੜੇ ਤੇ ਖਾਣ-ਪੀਣ ਲਈ ਫੂਡ ਸਟਾਲ ਵੀ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 2 ਤੇ 3 ਅਗਸਤ ਨੂੰ ਪੁਰਾਣੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਲੱਗਣ ਵਾਲੇ ਉਮੀਦ ਬਜ਼ਾਰ ਵਿੱਚ ਪਹੁੰਚ ਕੇ ਖ਼ਰੀਦਦਾਰੀ ਕਰਨ ਤਾਂ ਆਪਣੇ ਜ਼ਿਲ੍ਹੇ ਦੀਆਂ ਮਿਹਨਤੀ ਔਰਤਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।
Total Responses : 5706