ਪੰਜਾਬੀ ਯੂਨੀਵਰਸਿਟੀ ਵਿਖੇ ਹੋਣ ਜਾ ਰਿਹਾ ਹੈ 'ਇੰਡੀਅਨ ਹਿਸਟਰੀ ਕਾਂਗਰਸ' ਦਾ 83ਵਾਂ ਸੈਸ਼ਨ
- ਇਸ ਤੋਂ ਪਹਿਲਾਂ 1967, 1998 ਅਤੇ 2011 ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਹੋ ਚੁੱਕਾ ਹੈ ਇਹ ਸੈਸ਼ਨ
- ਪੂਰੇ ਦੱਖਣੀ ਏਸ਼ੀਆ ਦੇ ਪੇਸ਼ੇਵਰ ਇਤਿਹਾਸਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਇੰਡੀਅਨ ਹਿਸਟਰੀ ਕਾਂਗਰਸ
ਪਟਿਆਲਾ, 24 ਦਸੰਬਰ 2024 - ਪੰਜਾਬੀ ਯੂਨੀਵਰਸਿਟੀ ਵਿਖੇ 28 ਤੋਂ 30 ਦਸੰਬਰ 2024 ਤੱਕ 'ਇੰਡੀਅਨ ਹਿਸਟਰੀ ਕਾਂਗਰਸ' ਦਾ 83ਵਾਂ ਸੈਸ਼ਨ ਕਰਵਾਇਆ ਜਾ ਰਿਹਾ ਹੈ। ਇਹ ਚੌਥੀ ਵਾਰ ਹੈ ਕਿ 'ਇੰਡੀਅਨ ਹਿਸਟਰੀ ਕਾਂਗਰਸ' ਦਾ ਸੈਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ 1967, 1998 ਅਤੇ 2011 ਵਿੱਚ ਆਯੋਜਿਤ ਕੀਤਾ ਜਾ ਚੁੱਕਾ ਹੈ।
ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਪ੍ਰੋ. ਸਈਅਦ ਅਲੀ ਨਦੀਮ ਰੇਜ਼ਾਵੀ ਨੇ ਦੱਸਿਆ ਕਿ ਇੰਡੀਅਨ ਹਿਸਟਰੀ ਕਾਂਗਰਸ ਪੂਰੇ ਦੱਖਣੀ ਏਸ਼ੀਆ ਦੇ ਪੇਸ਼ੇਵਰ ਇਤਿਹਾਸਕਾਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ। ਇਸਦੀ ਮੈਂਬਰਸ਼ਿਪ ਦੀ ਸੂਚੀ ਹਜ਼ਾਰਾਂ ਵਿੱਚ ਹੈ ਅਤੇ ਇਹ ਲਗਭਗ ਪੂਰੇ ਉਪ ਮਹਾਂਦੀਪ ਨੂੰ ਕਵਰ ਕਰਦੀ ਹੈ। 1935-36 ਵਿਚ ਇਲਾਹਾਬਾਦ ਵਿਖੇ ਸਥਾਪਿਤ,ਇੰਡੀਅਨ ਹਿਸਟਰੀ ਕਾਂਗਰਸ ਪੁਣੇ ਵਿੱਚ ਆਪਣੇ ਪਹਿਲੇ ਸੈਸ਼ਨ ਉਪਰੰਤ ਨਿਯਮਿਤ ਤੌਰ 'ਤੇ ਆਯੋਜਿਤ ਕਰਵਾਈ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ 'ਇੰਡੀਅਨ ਹਿਸਟਰੀ ਕਾਂਗਰਸ' ਇਤਿਹਾਸ ਪ੍ਰਤੀ ਇੱਕ ਵਿਗਿਆਨਕ ਅਤੇ ਧਰਮ ਨਿਰਪੱਖ ਪਹੁੰਚ ਨਾਲ਼ ਕੰਮ ਕਰਦੀ ਹੈ, ਅਤੇ ਹਮੇਸ਼ਾ ਲੋਕਤਾਂਤਰਿਕ ਪਰੰਪਰਾਵਾਂ ਨਾਲ਼ ਖੜ੍ਹਦੀ ਹੈ। ਸੰਸਥਾ ਵੱਲੋਂ ਅਤੀਤ ਦੇ ਪ੍ਰਾਇਮਰੀ ਰਿਕਾਰਡਾਂ ਦੇ ਆਧਾਰ 'ਤੇ ਤੱਥ-ਅਧਾਰਿਤ ਇਤਿਹਾਸ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਤਿਹਾਸ ਦੇ ਮਿਥਿਹਾਸ ਦਾ ਵਿਰੋਧ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ 'ਇੰਡੀਅਨ ਹਿਸਟਰੀ ਕਾਂਗਰਸ' ਦੇ ਤਿੰਨ ਦਿਨਾ ਸੈਸ਼ਨ ਵਿੱਚ 6 ਸੈਕਸ਼ਨਾਂ ਤਹਿਤ ਖੋਜ ਪੱਤਰਾਂ ਦੀ ਪੇਸ਼ਕਾਰੀ ਸ਼ਾਮਲ ਹੋਵੇਗੀ। ਇਹ ਸੈਕਸ਼ਨ ਪ੍ਰਾਚੀਨ, ਮੱਧਕਾਲੀ, ਆਧੁਨਿਕ, ਭਾਰਤ ਤੋਂ ਬਾਹਰਲੇ ਦੇਸ, ਪੁਰਾਤੱਤਵ ਵਿਗਿਆਨ ਅਤੇ ਸਮਕਾਲੀ ਭਾਰਤੀ ਇਤਿਹਾਸ ਦੇ ਨਾਮ ਹੇਠ ਹੋਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 1037 ਤੋਂ ਵੱਧ ਖੋਜ ਪੱਤਰ ਪ੍ਰਾਪਤ ਹੋਏ ਹਨ ਜੋ ਇਨ੍ਹਾਂ ਤਿੰਨ ਦਿਨਾਂ ਦੌਰਾਨ ਇਨ੍ਹਾਂ ਸੈਸ਼ਨਾਂ ਵਿੱਚ ਪੜ੍ਹੇ ਜਾਣਗੇ। ਇਨ੍ਹਾਂ ਸੈਕਸ਼ਨਾਂ ਤੋਂ ਇਲਾਵਾ 'ਐੱਸ. ਸੀ. ਮਿਸ਼ਰਾ ਮੈਮੋਰੀਅਲ ਲੈਕਚਰ' ਵੀ ਇਸ ਕਾਂਗਰਸ ਦਾ ਹਿੱਸਾ ਹੋਵੇਗਾ ਜੋ ਕਿ , ਪ੍ਰੋ. ਯੋਗੇਸ਼ ਸਨੇਹੀ ਵੱਲੋਂ ਦਿੱਤਾ ਜਾਣ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਹੋਰ ਇਤਿਹਾਸਕਾਰ, ਜਿਨ੍ਹਾਂ ਵਿੱਚ ਪ੍ਰੋ. ਸੀਮਾ ਬਾਵਾ (ਦਿੱਲੀ ਯੂਨੀਵਰਸਿਟੀ), ਡਾ. ਅੰਜਲੀ ਦੁਗਨ ਗੁਲੀਆ (ਐੱਮ.ਡੀ ਯੂਨੀਵਰਸਿਟੀ, ਰੋਹਤਕ) ਅਤੇ ਪ੍ਰੋਫੈਸਰ ਉਰਵੀ ਮੁਖੋਪਾਧਿਆਏ ਇਸ ਕਾਂਗਰਸ ਦੇ ਸਿੰਪੋਜ਼ੀਅਮ ਵਿੱਚ ਤਿੰਨ ਭਾਸ਼ਣ ਦੇਣਗੇ। ਪ੍ਰੋ. ਗੌਤਮ ਸੇਨਗੁਪਤਾ (ਸਾਬਕਾ ਡੀ.ਜੀ., ਏ.ਐੱਸ.ਆਈ.) ਜਨਰਲ ਪ੍ਰੈਜ਼ੀਡੈਂਟ ਵਜੋਂ ਆਪਣੇ ਤੋਂ ਪਹਿਲੇ ਜਨਰਲ ਪ੍ਰੈਜ਼ੀਡੈਂਟ ਪ੍ਰੋਫੈਸਰ ਆਦਿਤਿਆ ਮੁਖਰਜੀ (ਦਿੱਲੀ) ਦੀ ਥਾਂ ਲੈਣਗੇ।
ਉਹ ‘ਇੰਡੀਆ'ਜ਼ ਬਿਲਟ ਹੈਰੀਟੇਜ ਰੀਵਿਜ਼ਿਟਿੰਗ’ ਵਿਸ਼ੇ ‘ਤੇ ਆਪਣਾ ਪ੍ਰੈਜ਼ੀਡੈਂਟ ਭਾਸ਼ਣ ਦੇਣਗੇ। ਪ੍ਰੋਫੈਸਰ ਆਰ. ਮਹਾਲਕਸ਼ਮੀ (ਪ੍ਰਾਚੀਨ ਭਾਰਤ ਸੈਕਸ਼ਨ), ਪ੍ਰੋਫੈਸਰ ਆਭਾ ਸਿੰਘ (ਮੱਧਕਾਲੀ ਭਾਰਤ), ਪ੍ਰੋ. ਉਮੇਸ਼ ਬਗਾੜੇ (ਆਧੁਨਿਕ ਭਾਰਤ), ਪ੍ਰੋ. ਜੀ ਜੇ ਸੁਧਾਕਰ (ਭਾਰਤ ਤੋਂ ਇਲਾਵਾ ਹੋਰ ਦੇਸ਼), ਡਾ. ਮਾਰਸੀਆ ਗਾਂਧੀ (ਪੁਰਾਤੱਤਵ ਵਿਗਿਆਨ) ਅਤੇ ਪ੍ਰੋ. ਸੇਬੇਸਟੀਅਨ ਜੋਸਫ਼ ( ਸਮਕਾਲੀ ਭਾਰਤ) ਸੈਕਸ਼ਨਲ ਪ੍ਰਧਾਨ ਹੋਣਗੇ। ਇਸ ਸਾਲ ਵਾਈਸ ਪ੍ਰੈਜ਼ੀਡੈਂਟ ਵਜੋਂ ਪ੍ਰੋਫ਼ੈਸਰ ਕੇਸ਼ਵਨ ਵੇਲੂਥਟ (ਕੇਰਲਾ) ਅਤੇ ਪ੍ਰੋਫ਼ੈਸਰ ਸ਼ਿਰੀਨ ਮੂਸਵੀ (ਯੂਪੀ) ਆਪਣੀਆਂ ਸੇਵਾਵਾਂ ਦੇਣਗੇ। ਇੰਡੀਅਨ ਹਿਸਟਰੀ ਕਾਂਗਰਸ ਦੇ ਸਕੱਤਰ ਵਜੋਂ ਪ੍ਰੋਫੈਸਰ ਸਈਅਦ ਅਲੀ ਨਦੀਮ ਰੇਜ਼ਾਵੀ ਅਤੇ ਦੋ ਸੰਯੁਕਤ ਸਕੱਤਰ ਵਜੋਂ ਪ੍ਰੋਫੈਸਰ ਮਾਨਵੇਂਦਰ ਕੁਮਾਰ ਪੁੰਧੀਰ (ਸਥਾਈ ਦਫਤਰ) ਅਤੇ ਪ੍ਰੋਫੈਸਰ ਰਾਜ ਸੇਖਰ ਬਾਸੂ (ਪੱਛਮੀ ਬੰਗਾਲ) ਕਾਰਜਸ਼ੀਲ ਹਨ।
ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਮੁਹੰਮਦ ਇਦਰੀਸ, ਜੋ ਕਿ ਇਸ ਸੈਸ਼ਨ ਦੇ ਸਥਾਨਕ ਸਕੱਤਰ ਹਨ, ਨੇ ਦੱਸਿਆ ਕਿ 'ਇੰਡੀਅਨ ਹਿਸਟਰੀ ਕਾਂਗਰਸ' ਦਾ ਇਹ ਸੈਸ਼ਨ ਉਸ ਖੇਤਰ ਦੇ ਇਤਿਹਾਸ ਅਤੇ ਸੱਭਿਆਚਾਰ 'ਤੇ ਇੱਕ ਵਿਸ਼ੇਸ਼ ਪੈਨਲ ਵੀ ਰੱਖ ਰਿਹਾ ਹੈ ਜਿੱਥੇ ਕਿ ਇਹ ਆਯੋਜਿਤ ਹੋ ਰਿਹਾ ਹੈ। ਇਸ ਦਾ ਸਿਰਲੇਖ 'ਪੰਜਾਬ: ਅਤੀਤ ਅਤੇ ਵਰਤਮਾਨ' ਹੈ, ਜਿਸ ਵਿੱਚ ਕਿ ਇੱਕ ਦਰਜਨ ਦੇ ਕਰੀਬ ਸਪੀਕਰ ਸ਼ਾਮਿਲ ਹੋਣਗੇ। ਇੱਕ ਹੋਰ ਪੈਨਲ 'ਸਟੱਡੀਿੰਗ ਸੋਸ਼ਲ ਹਿਸਟਰੀ' 'ਤੇ ਹੈ, ਜਿਸ ਦਾ ਆਯੋਜਨ ਅਲੀਗੜ੍ਹ ਹਿਸਟੋਰੀਅਨ ਸੋਸਾਇਟੀ (ਏ.ਐਚ.ਐਸ.) ਵੱਲੋਂ ਪ੍ਰੋਫੈਸਰ ਇਰਫਾਨ ਹਬੀਬ ਦੇ ਮੁੱਖ ਭਾਸ਼ਣ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਫੈਸਰ ਕੇਸ਼ਵਨ ਵੇਲੂਥਤ, ਪ੍ਰੋ. ਇੰਦੂ ਬੰਗਾ, ਪ੍ਰੋ. ਰਾਜ ਸ਼ੇਖਰ ਬਾਸੂ ਉਨ੍ਹਾਂ ਇਤਿਹਾਸਕਾਰਾਂ ਵਿੱਚੋਂ ਹਨ ਜੋ ਇਸ ਵਿੱਚ ਆਪਣੇ ਪੇਪਰ ਪੇਸ਼ ਕਰਨਗੇ। ਤੀਜਾ ਪੈਨਲ ਇੱਕ ਦਰਜਨ ਜਾਂ ਇਸ ਤੋਂ ਵੱਧ ਸੀਨੀਅਰ ਇਤਿਹਾਸਕਾਰਾਂ ਨਾਲ ਸ਼ਹਿਰੀ ਅਤੀਤ ਦੀ ਸਮੀਖਿਆ ਕਰਨ 'ਤੇ ਹੋਵੇਗਾ। ਜਦੋਂ ਕਿ ਚੌਥਾ ਪੈਨਲ ਸਬਾਲਟਰਨ ਕਾਸਟ ਐਸੋਸੀਏਸ਼ਨਾਂ 'ਤੇ ਹੈ, ਜਿਸ ਵਿੱਚ ਘੱਟੋ-ਘੱਟ ਇੱਕ ਦਰਜਨ ਸਪੀਕਰ ਹੋਣ ਦੀ ਉਮੀਦ ਹੈ।
ਉਦਘਾਟਨੀ ਸਮਾਰੋਹ ਦੌਰਾਨ ਕਈ ਅਵਾਰਡ ਅਤੇ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਾਲ ਹਾਲਾਂਕਿ 'ਇੰਡੀਅਨ ਹਿਸਟਰੀ ਕਾਂਗਰਸ' ਕੋਈ ਵੀ ਬੁੱਕ ਅਵਾਰਡ ਨਹੀਂ ਦੇਵੇਗੀਂ6 ਜੋ ਅਗਲੇ ਸਾਲ ਦਿੱਤੇ ਜਾਣਗੇ। ਫਿਰ ਵੀ 12 ਨੌਜਵਾਨ ਖੋਜਾਰਥੀਆਂ ਨੂੰ 2023 ਵਿੱਚ ਕਾਕਟੀਆ ਯੂਨੀਵਰਸਿਟੀ, ਵਾਰੰਗਲ ਵਿੱਚ ਆਯੋਜਿਤ ਕੀਤੇ ਗਏ ਪਿਛਲੇ ਸੈਸ਼ਨ ਵਿੱਚ ਕੀਤੀਆਂ ਗਈਆਂ ਉਨ੍ਹਾਂ ਦੀਆਂ ਸਬੰਧਤ ਖੋਜ ਗਤੀਵਿਧੀਆਂ 'ਤੇ ਵੱਖ-ਵੱਖ ਪੁਰਸਕਾਰ ਅਤੇ ਇਨਾਮ ਦਿੱਤੇ ਜਾਣਗੇ।