ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਨ ਵਾਲਿਆਂ ਦੀਆਂ ਦੁਕਾਨਾਂ ਹੋਣਗੀਆਂ ਸੀਲ: ਕਮਿਸ਼ਨਰ ਨਗਰ ਨਿਗਮ
ਹੁਸ਼ਿਆਰਪੁਰ, 21 ਜਨਵਰੀ 2025: ਨਗਰ ਨਿਗਮ ਹੁਸ਼ਿਆਰਪੁਰ ਦੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਸਮੇਂ ਸਮੇਂ ’ਤੇ ਜ਼ੁਰਮਾਨਾ ਅਤੇ ਵਿਆਜ ਮਾਫੀ ਦੀਆਂ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਸ ਨਾਲ ਨਾਗਰਿਕਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਨ ਦਾ ਸੁਨਹਿਰੀ ਮੌਕੇ ਦਿੱਤਾ ਗਿਆ। ਇਨ੍ਹਾਂ ਯੋਜਨਾਵਾਂ ਤਹਿਤ ਵੱਡੀ ਗਿਣਤੀ ਵਿਚ ਲੋਕਾਂ ਨੇ ਉਤਸ਼ਾਹਪੂਰਵਕ ਆਪਣਾ ਟੈਕਸ ਜਮ੍ਹਾਂ ਕੀਤਾ। ਹਾਲਾਂਕਿ ਕੁਝ ਇਸ ਤਰ੍ਹਾਂ ਦੇ ਡਿਫਾਲਟਰ ਪਾਏ ਗਏ ਹਨ ਜਿਨ੍ਹਾਂ ਨੇ ਬੀਤੇ ਕਈ ਸਾਲਾਂ ਤੋਂ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ। ਇਸ ਤਰ੍ਹਾਂ ਦੇ ਡਿਫਾਲਟਰਾਂ ਖਿਲਾਫ ਨਗਰ ਨਿਗਮ ਨੇ ਸਖ਼ਤ ਕਾਰਵਾਈ ਕਰਦੇ ਹੋਏ ਪੁਰਾਣੇ ਟਾਂਡਾ ਰੋਡ ਅਤੇ ਪੀਪਲਾਂਵਾਲਾ ਇਲਾਕੇ ਵਿਚ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਨਿਯਮਤ ਤੌਰ ’ਤੇ ਜਾਰੀ ਰਹੇਗੀ।
ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਜਲਤ ਤੋਂ ਜਲਦ ਆਪਣਾ ਪ੍ਰਾਪਰਟੀ ਟੈਕਸ ਨਗਰ ਨਿਗਮ ਦਫ਼ਤਰ ਵਿਚ ਜਮ੍ਹਾਂ ਕਰ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਜ਼ੁਰਮਾਨੇ ਅਤੇ ਵਿਆਜ ਦਾ ਵਾਧੂ ਬੋਝ ਨਾ ਝਲਣਾ ਪਵੇ। ਨਗਰ ਨਿਗਮ ਨੇ ਨਾਗਰਿਕਾਂ ਦੀ ਸਹੂਲਤ ਲਈ ਦਫ਼ਤਰ ਵਿਚ ਵਿਸ਼ੇਸ਼ ਕਾਂਊਂਟਰ ਸਥਾਪਿਤ ਕੀਤੇ ਹਨ ਜਿਥੇ ਉਹ ਆਪਣਾ ਟੈਕਸ ਜਮ੍ਹਾਂ ਕਰ ਸਕਦੇ ਹਨ। ਇਸ ਤੋਂ ਇਲਾਵਾ ਟੈਕਸ ਆਨਲਾਈਨ ਪੋਰਟਲ https://mseva.lgpunjab.gov.in ’ਤੇ ਵੀ ਜਮ੍ਹਾਂ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜੋ ਲੋਕ ਲੰਬੇ ਸਮੇਂ ਤੋਂ ਟੈਕਸ ਜਮ੍ਹਾਂ ਨਹੀਂ ਕਰ ਰਹੇ ਹਨ ਉਨ੍ਹਾਂ ਨੂੰ ਨਗਰ ਨਿਗਮ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਡਿਫਾਲਟਰਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਅਪੀਲ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਆਪਦਾ ਬਕਾਇਆ ਟੈਕਸ ਜਮ੍ਹਾਂ ਕਰਵਾਉਣ। ਜੇਕਰ ਇਸ ਤਰ੍ਹਾਂ ਨਹੀਂ ਕੀਤਾ ਗਿਆ ਤਾਂ ਨਗਰ ਨਿਗਮ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।