ਪੁਲਿਸ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪੜਤਾਲ ਤੋਂ ਬਾਅਦ ਅਰਜ਼ੀਆਂ ਸਿੱਧੀਆਂ ਹੈਡਕੁਆਰਟਰ ਭੇਜੀਆਂ ਜਾਣ
ਸੁਖਮਿੰਦਰ ਭੰਗੂ
ਲੁਧਿਆਣਾ, 21 ਅਪ੍ਰੈਲ 2025 ਪੁਲਿਸ ਕਮਿਸ਼ਨਰ ਲੁਧਿਆਣਾ ਸਵੱਪਨ ਸ਼ਰਮਾ, ਆਈ.ਪੀ.ਐਸ. ਵੱਲੋਂ ਪਬਲਿਕ ਹਿੱਤ ਵਿੱਚ ਹੁਕਮ ਜਾਰੀ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਮ ਪਬਲਿਕ ਦੀ ਜਦੋਂ ਵੀ ਕੋਈ ਦਰਖਾਸਤ ਕਿਸੇ ਅਧਿਕਾਰੀ ਨੂੰ ਪੜਤਾਲ ਲਈ ਮਾਰਕ ਹੋਵੇਗੀ ਤਾਂ ਉਹ ਅਧਿਕਾਰੀ ਤੁਰੰਤ ਉਸ ਦਰਖਾਸਤ ਦੀ ਪੜਤਾਲ ਕਰਕੇ ਸਿੱਧੇ ਤੌਰ ਪਰ ਜਿਲ੍ਹਾ ਹੈਡਕੁਆਟਰ ਵਿਖੇ ਵਾਪਸ ਭੇਜੇਗਾ।
ਪੁਲਿਸ ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਕਮਿਸ਼ਨਰੇਟ, ਲੁਧਿਆਣਾ ਵਿਖੇ ਆਪ ਪਬਲਿਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਦਰਖਾਸਤਾਂ ਜ਼ਿਲ੍ਹਾ ਹੈਡਕੁਆਰਟਰ ਵਿਖੇ ਤਾਇਨਾਤ ਸੀਨੀਅਰ ਅਧਿਕਾਰੀਆਂ ਵੱਲੋਂ ਜਦੋਂ ਵੀ ਕਿਸੇ ਅਧਿਕਾਰੀ ਨੂੰ ਪੜਤਾਲ ਲਈ ਮਾਰਕ ਕੀਤੀਆਂ ਜਾਂਦੀਆਂ ਸਨ ਤਾਂ ਉਸ ਅਧਿਕਾਰੀ ਵੱਲੋਂ ਦਰਖਾਸਤ ਦੀ ਪੜਤਾਲ ਉਪਰੰਤ ਇਹ ਦਰਖਾਸਤਾਂ ਸਿੱਧੇ ਤੌਰ 'ਤੇ ਹੈਡਕੁਆਰਟਰ ਵਾਪਸ ਭੇਜਣ ਦੀ ਬਜਾਏ ਆਪਣੇ ਜੋਨ ਅਧਿਕਾਰੀ ਰਾਹੀਂ ਫਾਰਵਰਡ ਕਰਵਾ ਕੇ ਇਸ ਦਫਤਰ ਪਾਸ ਭੇਜੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਤਹਿਤ ਆਮ ਪਬਲਿਕ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਵੱਖ-ਵੱਖ ਦਫਤਰਾਂ ਵਿੱਚ ਚੱਕਰ ਲਗਾਉਣੇ ਪੈਂਦੇ ਸਨ। ਇਸ ਨਾਲ ਪੁਲਿਸ ਅਤੇ ਪਬਲਿਕ ਦੋਨਾ ਦਾ ਸਮਾਂ ਬਰਬਾਦ ਹੁੰਦਾ ਸੀ ਅਤੇ ਦਰਖਾਸਤ ਦੇ ਨਿਪਟਾਰੇ ਵਿੱਚ ਵੀ ਬਿਨਾਂ ਵਜ੍ਹਾ ਦੇਰੀ ਹੋ ਜਾਂਦੀ ਸੀ।
ਪੁਲਿਸ ਕਮਿਸ਼ਨਰ ਲੁਧਿਆਣਾ ਸਵੱਪਨ ਸ਼ਰਮਾ, ਆਈ.ਪੀ.ਐਸ. ਵੱਲੋਂ ਸਪੱਸ਼ਟ ਕੀਤਾ ਗਿਆ ਕਿ ਇਸ ਪਹਿਲਕਦਮੀ ਨਾਲ ਜਿੱਥੇ ਆਮ ਪਬਲਿਕ ਦੀ ਪ੍ਰੇਸ਼ਾਨੀ ਘਟੇਗੀ ਉੱਥੇ ਦਰਖਾਸਤ ਦਾ ਨਿਪਟਾਰਾ ਵੀ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇਗਾ।