ਨਰਮੇ ਦੇ ਬੀਟੀ ਬੀਜ ਉੱਤੇ ਸਰਕਾਰ ਦੇਵੇਗੀ 33 ਫੀਸਦੀ ਸਬਸਿਡੀ
ਕਿਸਾਨ ਪੱਕਾ ਬਿੱਲ ਜਰੂਰ ਲੈਣ
ਫਾਜ਼ਿਲਕਾ 21 ਅਪ੍ਰੈਲ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰਮੇ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਲਈ ਕਿਸਾਨਾਂ ਨੂੰ ਨਰਮੇ ਦੇ ਬੀਟੀ ਬੀਜਾਂ ਤੇ ਸਬਸਿਡੀ ਦਿੱਤੀ ਜਾਣੀ ਹੈ। ਇਹ ਜਾਣਕਾਰੀ ਖੇਤੀਬਾੜੀ ਅਫਸਰ ਸ੍ਰੀਮਤੀ ਮਮਤਾ ਲੂਣਾ ਨੇ ਦਿੱਤੀ।
ਉਨਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ 33 ਫੀਸਦੀ ਸਬਸਿਡੀ ਦਿੱਤੀ ਜਾਣੀ ਹੈ। ਉਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬੀਟੀ ਕਾਟਨ ਦੇ ਹਾਈਬ੍ਰਿਡ ਬੀਜੀ 2 ਦਾ ਵੱਧ ਤੋਂ ਵੱਧ ਵਿਕਰੀ ਮੁੱਲ 901 ਰੁਪਏ ਪ੍ਰਤੀ ਪੈਕਟ ਨਿਰਧਾਰਿਤ ਕੀਤਾ ਗਿਆ ਹੈ। ਇਸ ਦਰ ਨਾਲ ਪ੍ਰਤੀ ਪੈਕਟ ਕਿਸਾਨਾਂ ਨੂੰ 297 ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ। ਇੱਕ ਕਿਸਾਨ ਨੂੰ ਵੱਧ ਤੋਂ ਵੱਧ 10 ਪੈਕਟ ਭਾਵ ਪੰਜ ਏਕੜ ਤੱਕ ਦੀ ਆਰਥਿਕ ਮਦਦ ਦਿੱਤੀ ਜਾਣੀ ਹੈ। ਉਹਨਾਂ ਨੇ ਕਿਹਾ ਕਿ ਉਕਤ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਅਤੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਮਾਣਿਤ ਬੀਟੀ ਹਾਈਬ੍ਰਿਡ ਬੀਜਾਂ ਉੱਤੇ ਹੀ ਦਿੱਤੀ ਜਾਵੇਗੀ। ਉਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਬੀਜ ਦੀ ਖਰੀਦ ਸਮੇਂ ਪੱਕਾ ਬਿੱਲ ਜਰੂਰ ਲੈਣ ਅਤੇ ਬੀਜ ਦੀ ਖਰੀਦ ਰਾਜ ਅੰਦਰ ਮੌਜੂਦ ਫਰਮਾਂ ਪਾਸੋਂ ਕੀਤੀ ਜਾਵੇ ਤਾਂ ਜੋ ਸਬਸਿਡੀ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਸਬੰਧੀ ਹੋਰ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ।