ਢਿੱਲੋਂ ਪਰਿਵਾਰ ਨੂੰ ਸਦਮਾ: ਬਲਦੇਵ ਸਿੰਘ ਢਿੱਲੋਂ ਦੀ ਨੂੰਹ ਦੀ ਮੌਤ
ਅਸ਼ੋਕ ਵਰਮਾ
ਬਠਿੰਡਾ, 25ਦਸੰਬਰ 2024: ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀਆਂ ਵਿੱਚੋਂ ਇੱਕ ਢਿੱਲੋਂ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਐਂਟੀਕ ਰਿਜ਼ੋਰਟ, ਬਲੇਜ਼ਿੰਗ ਸਟਾਰ ਰਿਜ਼ੋਰਟ, ਗੁਰੂ ਨਾਨਕ ਆਈਸ ਫੈਕਟਰੀ, ਜਲੌਰ ਕੋਲਡ ਸਟੋਰ ਰਾਮਪੁਰਾ ਅਤੇ ਪੈਨ ਕਲਾਸਿਕ ਹੋਟਲ ਦੇ ਸੰਚਾਲਕ ਸਰਦਾਰ ਬਲਦੇਵ ਸਿੰਘ ਢਿੱਲੋਂ ਦੇ ਸਪੁੱਤਰ ਪਰਮਿੰਦਰ ਸਿੰਘ ਢਿੱਲੋਂ ਦੀ ਧਰਮ ਪਤਨੀ ਇੰਦਰਰੂਪ ਕੌਰ ਢਿੱਲੋਂ ਦਾ 43 ਸਾਲ ਦੀ ਉਮਰ 'ਚ ਸੰਖੇਪ ਨਾਮੁਰਾਦ ਬੀਮਾਰੀ ਕਾਰਨ 23 ਦਸੰਬਰ ਨੂੰ ਦਿਹਾਂਤ ਹੋ ਗਿਆ। ਬਲਦੇਵ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਚਾਚਾ ਹਨ ਅਤੇ ਸਰਦਾਰ ਪਰਮਿੰਦਰ ਸਿੰਘ ਢਿੱਲੋਂ ਚਚੇਰੇ ਭਰਾ ਹਨ। ਇੰਦਰਰੂਪ ਕੌਰ ਢਿੱਲੋਂ ਦੇ ਪਿਤਾ ਜਸਬੀਰ ਸਿੰਘ ਢਿੱਲੋਂ ਹਰਨਾਮ ਸਿੰਘ ਵਾਲਾ, ਜੋ ਕਿ ਨਾਮੀਂ ਕਿਸਾਨ ਅਤੇ ਉੱਘੇ ਕਾਰੋਬਾਰੀ ਹਨ।
ਸਰਦਾਰਨੀ ਇੰਦਰਰੂਪ ਕੌਰ ਢਿੱਲੋਂ ਦੇ ਦੇਹਾਂਤ 'ਤੇ ਪੰਜਾਬ ਭਰ ਦੇ ਪਤਵੰਤਿਆਂ ਅਤੇ ਕਾਰੋਬਾਰੀਆਂ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਢਿੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਰਹੂਮ ਇੰਦਰਰੂਪ ਕੌਰ ਢਿੱਲੋਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦੱਸਿਆ ਕਿ ਸਵਰਗੀ ਇੰਦਰਰੂਪ ਕੌਰ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ 31 ਦਸੰਬਰ 2024 ਦਿਨ ਮੰਗਲਵਾਰ ਨੂੰ ਗੁਰਦੁਆਰਾ ਸ਼੍ਰੀ ਜੀਵਨ ਪ੍ਰਕਾਸ਼, ਮਾਡਲ ਟਾਊਨ ਵਿਖੇ ਰੱਖੀ ਗਈ ਹੈ।