ਢਾਬੇ ਦੇ ਮਾਲਕ 'ਤੇ ਕਾਤਲਾਨਾ ਹਮਲਾ, ਹਾਲਤ ਬਣੀ ਗੰਭੀਰ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਅਪ੍ਰੈਲ 2025: ਲਾਲੜੂ-ਬਨੂੰੜ ਰੋਡ 'ਤੇ ਘੱਗਰ ਦੇ ਪਾਰ ਪੈਂਦੇ ਪਿੰਡ ਮਮੋਲੀ ਦੇ ਪ੍ਰਧਾਨ ਢਾਬੇ 'ਤੇ ਵਾਹਨ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੁੱਝ ਵਿਅਕਤੀਆਂ ਨੇ ਢਾਬੇ ਦੇ ਮਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਉਸ ਨੂੰ ਬਨੂੰੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਤਵਾਰ ਰਾਤ ਨੂੰ ਵਾਪਰੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਲਾਲੜੂ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਝ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੇਖਨ ਮਾਜਰਾ ਪਿੰਡ ਦਾ 33 ਸਾਲਾ ਦਲਵਿੰਦਰ ਸਿੰਘ ਉਰਫ਼ ਰਿੰਕੂ ਪਿੰਡ ਮਮੋਲੀ ਵਿੱਚ ਕਿਰਾਏ 'ਤੇ ਪ੍ਰਧਾਨ ਨਾਮਕ ਢਾਬਾ ਚਲਾਉਂਦਾ ਹੈ। ਲੰਘੀ ਰਾਤ ਇੱਕ ਛੋਟਾ ਹਾਥੀ ਟੈਂਪੂ ਉੱਥੇ ਰੁਕਿਆ ਸੀ।
ਇਸ ਦੌਰਾਨ ਇੱਕ ਹੋਰ ਵਾਹਨ ਉੱਥੇ ਆਇਆ ਅਤੇ ਟੈਂਪੂ ਨੂੰ ਅੱਗੇ ਕਰਨ ਲਈ ਕਿਹਾ ਤਾਂ ਜੋ ਉਹ ਆਪਣੀ ਗੱਡੀ ਸੜਕ ਦੇ ਹੇਠਾਂ ਸਹੀ ਢੰਗ ਨਾਲ ਪਾਰਕ ਕਰ ਸਕੇ। ਟੈਂਪੂ ਮਾਲਕ ਗੱਡੀ ਅੱਗੇ ਵਧਾਉਣ ਲਈ ਰਾਜ਼ੀ ਨਹੀਂ ਹੋਇਆ। ਇਸ 'ਤੇ ਢਾਬਾ ਮਾਲਕ ਰਿੰਕੂ ਨੇ ਟੈਂਪੂ ਮਾਲਕ ਨੂੰ ਅੱਗੇ ਨਾ ਵਧਣ ਲਈ ਝਿੜਕਿਆ। ਇਸ ਤੋਂ ਬਾਅਦ ਟੈਂਪੂ ਚਾਲਕ ਨੇ ਆਪਣੇ ਦੋਸਤਾਂ ਨੂੰ ਮੌਕੇ 'ਤੇ ਬੁਲਾਇਆ। ਦੱਸਿਆ ਜਾਂਦਾ ਹੈ ਕਿ ਉਸਦੇ ਕੁੱਝ ਸਾਥੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਮੌਕੇ 'ਤੇ ਪਹੁੰਚੇ। ਉਸ ਸਮੇਂ ਢਾਬਾ ਮਾਲਕ ਆਪਣੇ ਕੈਬਿਨ ਦੇ ਅੰਦਰ ਬੈਠਾ ਸੀ। ਉਸ ਨੂੰ ਉਸਦੀ ਬਾਂਹ ਤੋਂ ਘਸੀਟ ਕੇ ਬਾਹਰ ਕੱਢਿਆ ਗਿਆ ਅਤੇ ਕਥਿਤ ਤੌਰ ਉੱਤੇ ਉਸਦੇ ਸਿਰ 'ਤੇ ਤੇਜਧਾਰ ਹਥਿਆਰਾ ਨਾਲ ਜ਼ੋਰਦਾਰ ਵਾਰ ਕੀਤੇ ਗਏ, ਜਿਸ ਕਾਰਨ ਢਾਬਾ ਮਾਲਕ ਕੈਬਿਨ ਦੇ ਅੰਦਰ ਬੇਹੋਸ਼ ਹੋ ਗਿਆ। ਹਮਲਾਵਰ ਉੱਥੋਂ ਚਲੇ ਗਏ ਪਰ ਉਨ੍ਹਾਂ ਵਿੱਚੋਂ ਇੱਕ ਕੁਝ ਸਕਿੰਟਾਂ ਵਿੱਚ ਹੀ ਵਾਪਸ ਆ ਗਿਆ ਅਤੇ ਬੇਹੋਸ਼ ਢਾਬਾ ਮਾਲਕ ਤੇ ਫਿਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਟੈਂਪੂ ਮਾਲਕ ਮਮੋਲੀ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਿੰਡ ਮਨੌਲੀ ਸੂਰਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਘੱਗਰ ਦਰਿਆ ਦੇ ਪਾਰ ਚਾਰ ਪਿੰਡ ਰਾਜੋਮਾਜਰਾ, ਹੰਬੜਾ, ਹੰਸਾਲਾ ਅਤੇ ਮਮੋਲੀ ਕੁਝ ਸਾਲ ਪਹਿਲਾਂ ਲਾਲੜੂ ਥਾਣੇ ਵਿੱਚ ਸ਼ਾਮਿਲ ਕੀਤੇ ਗਏ ਸਨ, ਜਦੋਂ ਕਿ ਉਨ੍ਹਾਂ ਦਾ ਮਾਲੀਆ ਅਤੇ ਪੰਚਾਇਤ ਬਲਾਕ ਬਨੂੰੜ ਵਿੱਚ ਪੈਂਦਾ ਹੈ। ਰਿੰਕੂ ਪਿੰਡ ਸੇਖਨ ਮਾਜਰਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਦੋ ਬੱਚਿਆਂ ਦਾ ਪਰਿਵਾਰ ਹੈ। ਉਸ ਦੇ ਸਿਰ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਹ ਬਨੂੰੜ ਰਾਜਪੁਰਾ ਰੋਡ 'ਤੇ ਸਥਿਤ ਨੀਲਮ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ। ਐਸਪੀ, ਦਿਹਾਤੀ ਮਨਪ੍ਰੀਤ ਸਿੰਘ ਅਨੁਸਾਰ ਲਾਲੜੂ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਇਕ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।