ਜੱਚਾ-ਬੱਚਾ ਹਸਪਤਾਲ ਵਿਖੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਸਬੰਧੀ ਕੀਤਾ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2025 : ਸਥਾਨਕ ਜੱਚਾ-ਬੱਚਾ ਹਸਪਤਾਲ ਵਿਖੇ ਸਿਵਲ ਸਰਜਨ ਡਾ. ਤਪਿੰਦਰਜੋਤ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਮਨਿੰਦਰ ਦੀ ਅਗਵਾਈ ਹੇਠ ਨੈਸ਼ਨਲ ਆਬਾਦੀ ਕੰਟਰੋਲ ਪੰਦਰਵਾੜੇ ਦੇ ਤਹਿਤ ਪਰਿਵਾਰ ਨਿਯੋਜਨ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਪਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਪਰਿਵਾਰ ਨਿਯੋਜਨ ਦੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ।
ਇਸ ਦੌਰਾਨ ਦੱਸਿਆ ਕਿ ਪਰਿਵਾਰ ਨਿਯੋਜਨ ਪ੍ਰੋਗਰਾਮ ਦਾ ਮਕਸਦ ਪਰਿਵਾਰਾਂ ਨੂੰ ਜ਼ਿੰਮੇਵਾਰ ਅਤੇ ਸੁਚੱਜੀ ਯੋਜਨਾ ਨਾਲ ਬੱਚੇ ਪੈਦਾ ਕਰਨ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਮਾਂ, ਬੱਚੇ ਅਤੇ ਪੂਰੇ ਪਰਿਵਾਰ ਦੀ ਸਿਹਤ ਅਤੇ ਆਰਥਿਕ ਖੁਸ਼ਹਾਲੀ ਸੁਨਿਸ਼ਚਿਤ ਰਹੇ।
ਇਸ ਮੌਕੇ ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਭਾਂ ਵਿਚਕਾਰ ਉਚਿਤ ਅੰਤਰ ਰੱਖ ਕੇ ਮਾਂ ਅਤੇ ਬੱਚੇ ਦੀ ਸਿਹਤ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ, ਇਸ ਲਈ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਤਰੀਕਿਆਂ ਨੂੰ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਮਹਿਲਾਵਾਂ ਨੂੰ ਗਰਭ ਨਿਰੋਧਕ ਤਰੀਕਿਆਂ ਜਿਵੇਂ ਕਿ ਕਾਪਰ-ਟੀ, ਕੰਡੋਮ, ਮੌਖਿਕ ਗੋਲੀਆਂ, ਗਰਭ ਨਿਰੋਧਕ ਗੋਲੀਆਂ, ਇੰਜੈਕਸ਼ਨ ਅਤੇ ਨਸਬੰਦੀ ਵਰਗੇ ਸਥਾਈ ਸਾਧਨਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਉਹਨਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪਰਿਵਾਰ ਨਿਯੋਜਨ ਦੀਆਂ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ ਤੇ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਸਬੰਧੀ ਜਾਣਕਾਰੀ ਅਤੇ ਸੇਵਾਵਾਂ ਆਸ਼ਾ ਵਰਕਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀਆਂ ਹਨ।
ਇਸ ਮੌਕੇ ਸਿਹਤ ਸਟਾਫ਼ ਨੇ ਪਰਿਵਾਰ ਨਿਯੋਜਨ ਨਾਲ ਸਬੰਧਿਤ ਗਲਤ ਫਹਿਮੀਆਂ ਨੂੰ ਦੂਰ ਕਰਦੇ ਹੋਏ ਭਵਿੱਖ-ਯੋਜਨਾ ਬਣਾਉਣ ਲਈ ਉਤਸਾਹਿਤ ਵੀ ਕੀਤਾ ਗਿਆ।