ਜ਼ਿਲ੍ਹਾ ਸੰਗਰੂਰ ਦੇ ਸਾਬਕਾ ਫ਼ੌਜੀ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ
- ਦੇਸ਼ ਦੀ ਹਿਫ਼ਾਜ਼ਤ ਕਰਨ ਲਈ ਹਲੇ ਵੀ ਜਜ਼ਬੇ ਦੀ ਕਮੀ ਨਹੀਂ: ਸਾਬਕਾ ਫ਼ੌਜੀ
- ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹੀ ਜਾਣਕਾਰੀ ਅਤੇ ਸਹਿਯੋਗ ਦਿਓ, ਪ੍ਰਸ਼ਾਸ਼ਨ ਦੇ ਅੱਖਾਂ ਅਤੇ ਕੰਨ ਬਣਕੇ ਕੰਮ ਕਰੋ: ਵਧੀਕ ਡਿਪਟੀ ਕਮਿਸ਼ਨਰ
ਦਲਜੀਤ ਕੌਰ
ਸੰਗਰੂਰ, 10 ਮਈ, 2025: ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਹਰੇਕ ਅਣਕਿਆਸੀ ਸਥਿਤੀ ਦਾ ਸਾਹਮਣਾ ਦਲੇਰੀ ਨਾਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਜ਼ਿਲਾ ਸੰਗਰੂਰ ਨਾਲ ਸਬੰਧਤ ਸਾਬਕਾ ਫ਼ੌਜੀਆਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਬੈਂਬੀ ਨੇ ਕੀਤੀ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰ ਸੁਖਚੈਨ ਸਿੰਘ ਪਪੜਾ, ਸ੍ਰ ਗੁਰਪ੍ਰੀਤ ਸਿੰਘ ਡੀ ਐੱਸ ਪੀ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੰਗਰੂਰ ਅਤੇ ਵੱਡੀ ਗਿਣਤੀ ਵਿੱਚ ਸਾਬਕਾ ਫ਼ੌਜੀ ਹਾਜ਼ਰ ਸਨ।
ਅਮਿਤ ਬੈਂਬੀ ਨੇ ਕਿਹਾ ਕਿ ਇਸ ਹੰਗਾਮੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਾਬਕਾ ਸੈਨਿਕਾਂ ਦੇ ਤਜ਼ਰਬੇ ਅਤੇ ਸਹਿਯੋਗ ਦੀ ਬਹੁਤ ਲੋੜ੍ਹ ਹੈ। ਉਹਨਾਂ ਕਿਹਾ ਕਿ ਉਹ ਸਹੀ ਜਾਣਕਾਰੀ ਅਤੇ ਸਹਿਯੋਗ ਦੇਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅੱਖਾਂ ਅਤੇ ਕੰਨ ਬਣਕੇ ਕੰਮ ਕਰਨ। ਉਹਨਾਂ ਕਿਹਾ ਕਿ ਉਹ ਆਪਣੇ ਆਪਣੇ ਸਮੂਹ ਇਲਾਕਾ ਵਾਸੀਆਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਰੱਖਣ, ਸੋਲਰ ਲਾਈਟਾਂ ਜਾ ਸੀ ਸੀ ਟੀ ਵੀ ਦੀਆਂ ਕੈਮਰਿਆਂ ਆਦਿ ਬੰਦ ਰੱਖਣ ਬਾਰੇ ਜਾਗਰੂਕ ਕਰਨ।
ਸਰਕਾਰੀ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨਾ ਯਕੀਨੀ ਕੀਤਾ ਜਾਵੇ। ਕਿਸੇ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਕਿਸੇ ਵੀ ਤਰਾਂ ਦੀ ਅਫਵਾਹ ਜਾ ਤੱਥ ਰਹਿਤ ਜਾਣਕਾਰੀ ਨੂੰ ਅੱਗੇ ਸਾਂਝਾ ਨਾ ਕੀਤਾ ਜਾਵੇ। ਉਹਨਾਂ ਅਪੀਲ ਕੀਤੀ ਕਿ ਉਹ ਜਮ੍ਹਾਂਖੋਰੀ, ਕਾਲਾ ਬਾਜ਼ਾਰੀ ਜਾਂ ਕੀਮਤਾਂ ਨਾਲ ਛੇੜਛਾੜ ਦੀ ਕੋਈ ਵੀ ਘਟਨਾ ਹੋਣ ਦੀ ਸੂਚਨਾ ਸੰਬੰਧਤ ਅਧਿਕਾਰੀਆਂ ਨੂੰ ਜਰੂਰ ਦੇਣ। ਉਹਨਾਂ ਕਿਹਾ ਕਿ ਇਸ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਲਗਾਤਾਰ ਠੀਕਰੀ ਪਹਿਰਾ ਲਗਾਉਣ ਲਈ ਸਬੰਧਿਤ ਪਿੰਡਾਂ ਦੀਆਂ ਸਮੂਹ ਪੰਚਾਇਤਾਂ, ਪਿੰਡ ਦੇ ਵਾਸੀਆਂ, ਨਗਰ ਕੌਂਸਲਾਂ, ਨਗਰ ਕੌਂਸਲ ਵਾਸੀਆਂ ਅਤੇ ਧਾਰਮਿਕ ਸਥਾਨਾਂ ਦੀਆਂ ਕਮੇਟੀਆਂ/ਬੋਰਡ/ਟਰੱਸਟ ਦੇ ਮੁਖੀਆਂ ਦੀ ਜ਼ਿੰਮੇਵਾਰੀ ਲਗਾਈ ਹੈ। ਉਹਨਾਂ ਕਿਹਾ ਹੈ ਕਿ ਮੌਜੂਦਾ ਸਕਿਓਰਿਟੀ ਹਾਈ-ਅਲਰਟ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਸੰਗਰੂਰ ਵਿੱਚ ਪਿੰਡ-ਪਿੰਡ ਠੀਕਰੀ ਪਹਿਰੇ ਲਗਵਾਉਣ ਦੀ ਜ਼ਰੂਰਤ ਹੈ।
ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਅਕਤੀ ਜਾਂ ਕਾਰਵਾਈ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਸਬੰਧੀ ਤੁਰੰਤ ਸੀਨੀਅਰ ਪੁਲਿਸ ਕਪਤਾਨ, ਸੰਗਰੂਰ, ਸਬੰਧਤ ਪੁਲਿਸ ਥਾਣਾ, ਕੰਟਰੋਲ ਰੂਮ ਦਫਤਰ ਡਿਪਟੀ ਕਮਿਸ਼ਨਰ, ਸੰਗਰੂਰ ਵਿਖੇ ਟੈਲੀਫੋਨ ਨੰਬਰ 01672-234128 ਅਤੇ ਪੁਲਿਸ ਕੰਟਰੋਲ ਰੂਮ ਨੰਬਰ 80545-45100, 80545-45200 'ਤੇ ਸੂਚਿਤ ਕੀਤਾ ਜਾਵੇ।
ਇਸ ਮੌਕੇ ਹਾਜ਼ਰ ਸਮੂਹ ਸਾਬਕਾ ਫ਼ੌਜੀ ਭਾਈਚਾਰੇ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹਨਾਂ ਵਿੱਚ
ਦੇਸ਼ ਦੀ ਹਿਫ਼ਾਜ਼ਤ ਕਰਨ ਲਈ ਹਲੇ ਵੀ ਜਜ਼ਬੇ ਦੀ ਕਮੀ ਨਹੀਂ ਹੈ। ਉਹ ਹਰੇਕ ਹੰਗਾਮੀ ਸਥਿਤੀ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਹਰ ਹੁਕਮ ਮੰਨਣ ਅਤੇ ਸਹਿਯੋਗ ਦੇਣ ਲਈ ਤਿਆਰ ਹਨ।